ਸਿਹਤ ਵਿਭਾਗ ਵੱਲੋਂ 2 ਦਸੰਬਰ ਤੋਂ 8 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਹਫਤਾ

  • ਬੀਮਾਰੀਆਂ ਤੋਂ ਬਚਣ ਲਈ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਾਡੀ ਸਭ ਦੀ ਜਿੰਮੇਵਾਰੀ: ਡਾ. ਜਗਦੀਪ ਚਾਵਲਾ ਸਿਵਲ ਸਰਜਨ
  • ਪਲਾਸਟਿਕ ਮਿੰਟਾਂ ਲਈ ਲਾਭਦਾਇਕ ਅਤੇ ਦਹਾਕਿਆਂ ਲਈ ਨੁਕਸਾਨਦੇਹ ਹੈ: ਡਾ. ਜਗਦੀਪ ਚਾਵਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 04 ਦਸੰਬਰ 2024 : ਸਿਹਤ ਵਿਭਾਗ ਵੱਲੋਂ ਡਾ. ਜਗਦੀਪ ਚਾਵਲਾ  ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ 2 ਦਸੰਬਰ ਤੋਂ 8 ਦਸੰਬਰ ਤੱਕ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਹ ਹਫਤਾ ਮਨਾਉਣ ਦਾ ਮਕਸਦ ਲੋਕਾਂ ਨੂੰ ਵਾਤਾਵਰਣ ਪ੍ਰਦੂਸ਼ਿਤ ਹੋਣ ਦੇ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਵਾ ਨੂੰ ਸ਼ੁੱਧ ਕਰਨ ਦੇ ਲਈ ਉਪਰਾਲੇ ਕਰਨ ਦੀ ਜਰੂਰਤ ਹੈ ਅਤੇ ਹਵਾ ਨੂੰ ਸ਼ੁੱਧ ਰੱਖਣ ਲਈ ਸਾਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਪਰਾਲੀ, ਸੁੱਕੇ ਪੱਤੇ ਕੂੜੇ ਨੂੰ ਜਲਾਉਣਾ ਨਹੀ ਚਾਹੀਦਾ। ਖਾਣਾ ਬਣਾਉਣ ਲਈ ਧੂੰਏਦਾਰ ਬਾਲਨ ਦੀ ਵਰਤੋਂ ਨਹੀ ਕਰਨੀ ਚਾਹੀਦੀ, ਪਲਾਸਟਿਕ ਤੋਂ ਬਣੇ ਪਦਾਰਥਾਂ ਦਾ ਇਸਤਮਾਲ ਨਹੀ ਕਰਨਾ ਚਾਹੀਦਾ ਹੈ ਕਿਉਂਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਅਤੇ ਦਹਾਕਿਆਂ ਲਈ ਨੁਕਸਾਨਦੇਹ ਹੈ। ਪਲਾਸਟਿਕ ਦੀਆਂ ਬੋਤਲਾਂ ਨਸ਼ਟ ਹੋਣ ਲਈ 450 ਸਾਲ, ਪਲਾਸਟਿਕ ਸਟ੍ਰਾਸ ਨਸ਼ਟ ਹੋਣ ਲਈ 200 ਸਾਲ ਅਤੇ ਪਲਾਸਟਿਕ ਦੇ ਲਫਾਫੇ ਨਸ਼ਟ ਹੋਣ ਲਈ 20 ਸਾਲ ਲਗਦੇ ਹਨ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਕੇ, ਪਾਣੀ ਦੀ ਦੁਰਵਰਤੋਂ ਘੱਟ ਕਰਕੇ, ਊਰਜਾ ਕੁਸ਼ਲ ਉਪਕਰਣਾ ਦੀ ਵਰਤੋਂ ਕਰਕੇ, ਆਪਣੇ ਨਿੱਜੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨਾ ਕਰਕੇ ਜਨਤਕ ਆਵਾਜਾਈ ਦੀ ਵਰਤੋਂ ਕਰਕੇ, ਅਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਫਿਰ ਤੋਂ ਤਾਜ਼ਾ ਕਰ ਸਕਦੇ ਹਾਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੇ ਦੌਰ ਵਿੱਚ ਦੁਨੀਆਂ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਦੇਖੀ ਹੈ ਅਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫਾ ਹਨ, ਜਿਸ ਨੁੰ ਅਸੀ ਭੁੱਲ ਗਏ ਹਾਂ ਇਸ ਲਈ ਸਾਨੂੰ ਪਲਾਸਟਿਕ ਦੀ ਵਰਤੋਂ ਨਹੀ ਕਰਨੀ ਚਾਹੀਦੀ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਰੁੱਖ ਲਗਾਏ ਗਏ।ਇਸ ਮੌਕੇ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਭੁਪਿੰਦਰ ਸਿੰਘ ਸਟੈਨੋ ਅਤੇ ਦਫਤਰ ਸਿਵਲ ਸਰਜਨ ਦਾ ਸਟਾਫ ਹਾਜ਼ਰ ਸੀ।