ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੇਂਟ ਸੈੱਲ ਵੱਲੋਂ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

ਸ੍ਰੀ ਫ਼ਤਹਿਗੜ੍ਹ ਸਾਹਿਬ, 11 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਕਾਲਜ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਆਂਤ੍ਰਪਨਿਓਰਸ਼ਿਪ ਵਿਸ਼ੇ 'ਤੇ ਵਿਸ਼ੇਸ਼ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਵਿਖੇ ਚੱਲ ਰਹੇ ਵੱਖ-ਵੱਖ ਕੋਰਸਾਂ ਦੇ ਕੁੱਲ 31 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੈਸ਼ਨ ਦੀ ਸ਼ੁਰੂਆਤ ਵਿੱਚ ਕਾਲਜ ਦੇ ਡੀਨ ਪਲੇਸਮੈਂਟ ਡਾ. ਜਗਦੀਸ਼ ਸਿੰਘ ਨੇ ਆਂਤ੍ਰਪਨਿਓਰਸ਼ਿਪ ਦੇ ਜ਼ਰੂਰੀ ਸੰਕਲਪਾਂ ਅਤੇ ਮੌਜੂਦਾ ਆਰਥਿਕ ਸਥਿਤੀ ਵਿੱਚ ਇਸਦੀ ਵੱਧ ਰਹੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਸ਼ਿਵਾਨੀ ਬੈਕਟਰ ਨੇ ਵਿਦਿਆਰਥੀਆਂ ਨਾਲ ਵਪਾਰਕ ਸੁਧਾਰ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਬੀ.ਐਮ.ਸੀ. ਮਾਡਲ ਬਾਰੇ ਸਮਝਾਉਂਦਿਆਂ ਆਂਤ੍ਰਪਨਿਓਰਸ਼ਿਪ ਨਾਲ ਸਬੰਧਿਤ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ। ਇਸ ਮਗਰੋਂ ਪ੍ਰੋ. ਰਤਨੇਸ਼ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਫ਼ਲ ਕਾਰੋਬਾਰ ਸਥਾਪਤ ਕਰਨ ਲਈ ਜ਼ਰੂਰੀ ਮਾਰਕੀਟਿੰਗ, ਬ੍ਰਾਂਡਿੰਗ ਅਤੇ ਪ੍ਰਚਾਰ ਸੰਬੰਧੀ ਰਣਨੀਤੀਆਂ ਦੇ ਵੱਖ-ਵੱਖ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਇਆ। ਡਾ. ਹਰਜੀਤ ਕੌਰ ਨੇ ਸਟਾਰਟਅੱਪ ਦੇ ਵਿੱਤੀ ਪਹਿਲੂਆਂ, ਫੰਡਿੰਗ ਦੇ ਮੌਕਿਆਂ, ਵਿੱਤੀ ਯੋਜਨਾਬੰਦੀ ਅਤੇ ਬਜਟ ਬਣਾਉਣ ਆਦਿ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।