ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦੇ ਪੱਧਰ ਵਿੱਚ ਹੋਇਆ ਵੱਡਾ ਸੁਧਾਰ - ਵਿਧਾਇਕ ਬਰਾੜ

ਸ੍ਰੀ ਮੁਕਤਸਰ ਸਾਹਿਬ 24 ਮਈ 2025 : ’ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੱਕ ਅਟਾਰੀ ਸਦਰ ਵਾਲਾ, ਸਰਕਾਰੀ ਮਿਡਲ ਸਕੂਲ ਸੰਗਰਾਣਾ, ਸਰਕਾਰੀ ਪ੍ਰਾਇਮਰੀ ਸਕੂਲ ਡੋਡਾਂਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਮਾਨ ਸਿੰਘ ਵਾਲਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਸਰਕਾਰੀ ਪ੍ਰਾਇਮਰੀ ਸਕੂਲ ਡੋਡਾਂਵਾਲੀ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਮਾਡਲ ਕਲਾਸ ਰੂਮਾਂ, ਇੰਟਰੈਕਟਿਵ ਪੈਨਲ, ਸਮੇਂ ਮੁਤਾਬਕ ਬੁਨਿਆਦੀ ਢਾਂਚੇ ਦੀ ਸਥਾਪਤੀ ਅਤੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਨਿਸ਼ਚਿਤ ਤੌਰ ’ਤੇ ਲਾਹੇਵੰਦ ਸਾਬਿਤ ਹੋ ਰਹੀਆਂ ਹਨ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦੇ ਪੱਧਰ ਵਿੱਚ ਵੀ ਵੱਡਾ ਸੁਧਾਰ ਹੋਇਆ ਹੈ। ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੱਕ ਅਟਾਰੀ ਸਦਰ ਵਾਲਾ ਵਿਖੇ 21.20 ਲੱਖ, ਸਰਕਾਰੀ ਮਿਡਲ ਸਕੂਲ ਸੰਗਰਾਣਾ ਵਿਖੇ 17.50 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਡੋਡਾਂਵਾਲੀ ਵਿਖੇ 21.25 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਨ ਸਿੰਘ ਵਾਲਾ ਵਿਖੇ 8 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਮਾਪੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।