- ਕਿਸਾਨਾਂ ਨੂੰ ਵਾਤਾਵਰਨ ਪੱਖੀ ਤਕਨੀਕਾਂ ਅਪਣਾਉਣ ਦੀ ਜ਼ਰੂਰਤ ਤਾਂ ਜੋਂ ਖੇਤੀ ਲਾਗਤ ਘੱਟ, ਮੁਨਾਫਾ ਵੱਧ ਅਤੇ ਵਾਤਾਵਰਨ ਸ਼ੁੱਧ ਰਹੇ
ਫਰੀਦਕੋਟ 12 ਨਵੰਬਰ 2024 : ਜਿੱਥੇ ਇਹਨੀਂ ਦਿਨੀਂ ਬਹੁਤੇ ਕਿਸਾਨ ਝੋਨੇ ਦੀ ਪਰਾਲੀ ਨੂੰ ਨਸ਼ਟ ਕਰਨ ਲਈ ਜਿਆਦਾਤਰ ਅੱਗ ਲਗਾ ਰਹੇ ਹਨ, ਉੱਥੇ ਹੀ ਕੁਝ ਕੁ ਕਿਸਾਨ ਅਜਿਹੇ ਵੀ ਹਨ ਜੋ ਇਸ ਪਰਾਲੀ ਨੂੰ ਆਪਣੀ ਅਗਲੀ ਫਸਲ ਲਈ ਵਰਦਾਨ ਸਮਝ ਰਹੇ ਹਨ ਅਤੇ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ, ਬਿਨ੍ਹਾਂ ਪਰਾਲੀ ਦੀਆਂ ਗੱਠਾਂ ਬਣਾਏ ਪਰਾਲੀ ਨੂੰ ਖੇਤ ਵਿੱਚ ਵਰਤ ਕੇ ਮਲਚਿੰਗ ਵਿਧੀ ਰਾਹੀ ਕਣਕ ਦੀ ਬਿਜਾਈ ਕਰ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਵਿਧੀ ਨੂੰ ਅਪਨਾਉਣ ਦਾ ਸੁਨੇਹਾ ਦੇ ਰਹੇ ਹਨ। ਅਜਿਹੇ ਹੀ ਇੱਕ ਅਗਾਂਹਵਾਧੂ ਸੋਚ ਦੇ ਮਾਲਕ ਫਰੀਦਕੋਟ ਜਿਲ੍ਹੇ ਦੇ ਪਿੰਡ ਬੇਗੂਵਾਲਾ ਦੇ ਰਹਿਣ ਵਾਲੇ ਕਿਸਾਨ ਜਗਮੀਤ ਸਿੰਘ ਹਨ ਜਿੰਨ੍ਹਾਂ ਨੇ ਕਰੀਬ 13 ਸਾਲ ਤੋਂ ਆਪਣੇ ਖੇਤ ਵਿੱਚ ਕਦੀ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਨਾ ਹੀ ਪਰਾਲੀ ਨੂੰ ਕਦੀ ਖੇਤ ਵਿੱਚੋਂ ਬਾਹਰ ਕੱਢਿਆ। ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ 13 ਸਾਲ ਤੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਅਤੇ ਖੇਤ ਵਿੱਚੋਂ ਬਾਹਰ ਕੱਢੇ ਬਿਨ੍ਹਾਂ ਖੇਤੀ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਉਹ ਕੋਈ ਨਾ ਕੋਈ ਨਵਾਂ ਤਜਰਬਾ ਕਰਦਾ ਆ ਰਿਹਾ ਹੈ। ਜਦੋਂ ਉਹ ਤਜਰਬਾ ਸਫਲ ਹੋ ਜਾਂਦਾ ਹੈ ਤਾਂ ਫਿਰ ਉਹ ਉਸ ਨੂੰ ਅਪਣਾ ਕੇ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਉਸ ਨੇ ਕੁਝ ਸਾਲ ਪਲੌਅ ਹੱਲਾਂ ਦੀ ਮੱਦਦ ਨਾਲ ਜਮੀਨ ਵਾਹ ਕੇ ਕਣਕ ਦੀ ਬਿਜਾਈ ਕੀਤੀ ਉਸ ਤੋਂ ਬਾਅਦ ਉਹ ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਸੀ। ਜਿਸ ਦੇ ਵਧੀਆ ਨਤੀਜੇ ਮਿਲ ਰਹੇ ਸਨ ਅਤੇ ਉਸ ਨੂੰ ਘੱਟ ਲਾਗਤ ਵਿੱਚ ਵਧੀਆ ਪੈਦਾਵਾਰ ਮਿਲ ਜਾਂਦੀ ਸੀ। ਉਨ੍ਹਾਂ ਦੱਸਿਆ ਕਿ 3 ਸਾਲ ਪਹਿਲਾਂ ਉਸ ਨੇ ਆਪਣੇ ਖੇਤ ਵਿੱਚ ਕਰੀਬ 2 ਕਨਾਲ ਜਮੀਨ ਵਿੱਚ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕੀਤੀ ਤਾਂ ਉਸ ਦੇ ਨਤੀਜੇ ਹੋਰ ਵੀ ਵਧੀਆ ਆਏ ਅਤੇ ਖਰਚੇ ਵੀ ਬਹੁਤ ਘੱਟ ਰਹੇ। ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਇਸ ਵਾਰ ਆਪਣੇ 11 ਏਕੜ ਕਣਕ ਦੀ ਬਿਜਾਈ ਮਲਚਿੰਗ ਵਿਧੀ ਨਾਲ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮਲਚਿੰਗ ਵਿਧੀ ਰਾਹੀ ਕਣਕ ਦੀ ਬਿਜਾਈ ਬੇਹੱਦ ਅਸਾਨ ਅਤੇ ਸਸਤੀ ਹੈ। ਇਸ ਨਾਲ ਨਾਂ ਤਾਂ ਕੋਈ ਬਿਮਾਰੀ ਫਸਲ ਨੂੰ ਪੈਂਦੀ ਹੈ ਅਤੇ ਨਾਂ ਹੀ ਫਸਲ ਦੇ ਝਾੜ ਤੇ ਕੋਈ ਅਸਰ ਪੈਦਾ ਹੈ। ਇਸ ਵਿਧੀ ਨਾਲ ਉਹੀ ਫਸਲ ਉਗੇਗੀ ਜੋ ਉਸ ਨੇ ਬੀਜੀ ਹੈ। ਫਸਲ ਤੋਂ ਸਿਵਾਏ ਕੋਈ ਵੀ ਨਦੀਨ ਜਮੀਨ ਵਿੱਚ ਨਹੀਂ ਉੱਗਦਾ। ਇਕ ਏਕੜ ਕਣਕ ਦੀ ਬਿਜਾਈ ਤੇ ਉਸ ਨੂੰ ਮਾਮੂਲੀ ਖਰਚ ਆਇਆ ਅਤੇ ਸਮਾਂ ਵੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਖੇਤ ਵਿੱਚ ਝੋਨੇ ਦੀ ਪਰਾਲੀ ਕੁਝ ਗਲ ਜਾਵੇਗੀ ਅਤੇ ਕੁਝ ਕਣਕ ਦੀ ਕਟਾਈ ਤੋਂ ਬਾਅਦ ਬਣਾਈ ਜਾਣ ਵਾਲੀ ਤੂੜੀ ਦੇ ਕੰਮ ਆਵੇਗੀ। ਉਸ ਨੇ ਦੱਸਿਆ ਕਿ ਉਹ ਹਮੇਸ਼ਾਂ ਖੇਤੀ ਮਾਹਿਰਾਂ ਦੇ ਸੰਪਰਕ ਵਿਚ ਰਹਿੰਦਾ ਹੈ ਅਤੇ ਪੀ ਏ ਯੂ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਮੇਲਿਆਂ ਵਿਚ ਸ਼ਾਮਿਲ ਹੋ ਕੇ ਮਾਹਿਰਾਂ ਦੁਆਰਾ ਦਿੱਤੇ ਤਕਨੀਕੀ ਨੁਕਤੇ ਆਪਣੇ ਖੇਤਾਂ ਵਿਚ ਅਜਮਾਉਂਦਾ ਹੈ। ਉਨਾਂ ਦੱਸਿਆ ਕਿ ਇਸ ਵਾਰ ਘਰੇਲੂ ਬਗੀਚੀ ਵਿਚ ਲਸਣ,ਮੇਥੀ,ਧਨੀਆ,ਪਾਲਕ,ਗਾਜਰਾਂ , ਮੂਲੀ ਦੀ ਕਾਸ਼ਤ ਵਿਚ ਮਲਚਿੰਗ ਤਕਨੀਕ ਨਾਲ ਕੀਤੀ ਹੈ ਕਿਉਂਕਿ ਝੋਨੇ ਦੀ ਪਰਾਲੀ ਨਾਲ ਮਿੱਟੀ ਢੱਕੀ ਹੋਣ ਕਰਕੇ ਨਦੀਨ ਨਹੀਂ ਉੱਗਦੇ ਅਤੇ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ। ਜਗਮੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਨੂੰ ਦੋਸ਼ ਦੇਣ ਦੀ ਬਿਜਾਏ ਖੁਦ ਵੀ ਹੰਭਲਾ ਮਾਰਨ ਤਾਂ ਜੋ ਖੇਤੀ ਲਾਗਤ ਵੀ ਘੱਟ ਸਕੇ, ਮੁਨਾਫਾ ਵੀ ਵਧੀਆ ਹੋਵੇ ਅਤੇ ਵਾਤਾਵਰਨ ਵੀ ਸਾਫ ਰਹੇ।