- ਹੁਣ ਐਨ.ਆਰ.ਆਈ ਪੰਜਾਬੀਆਂ ਨੂੰ ਕਾਂਊਟਰ ਸਾਈਨਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ
- ਕਿਹਾ ,ਪ੍ਰਵਾਸੀ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਆਨਲਾਈਨ ਪੋਰਟਲ ਦੀ ਵਰਤੋਂ ਕਰਨ
ਮਾਲੇਰਕੋਟਲਾ 07 ਅਗਸਤ 2024 : ਵਾਸੀ ਭਾਰਤੀ ਪੰਜਾਬੀਆਂ ਨੂੰ ਹੁਣ ਆਪਣੇ ਜ਼ਰੂਰੀ ਦਸਤਾਵੇਜ਼ਾਂ ਨੂੰ ਕਾਂਊਟਰ ਸਾਈਨ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਪ੍ਰਵਾਸੀ ਭਾਰਤੀ ਲੋਕਾਂ ਦੀ ਇਸ ਖੱਜਲ ਖ਼ੁਆਰੀ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਇਕ ਆਨਲਾਈਨ ਪੋਰਟਲ ਈ-ਸਨਦ ਪੋਰਟਲ ਲਾਗੂ ਕੀਤਾ ਹੈ, ਜਿਸ ਰਾਹੀ ਕਾਂਊਟਰ ਸਾਈਨਾਂ ਉਹ ਹੁਣ ਘਰ ਬੈਠੇ ਹੀ ਕਰਵਾ ਸਕਣਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪੰਜਾਬ ਸਰਕਾਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ (ਐਨ.ਆਰ.ਆਈ ਸੈਲ) ਵੱਲੋਂ ਕਾਊਂਟਰ ਸਾਈਨਾਂ ਦੇ ਕੰਮ ਲਈ ਈ- ਸਨਦ ਪੋਰਟਲ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਵਾਉਣ ਲਈ ਸ਼ੁਰੂਅਤ ਕਰਦਿਆਂ ਦਿੱਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਪਾਲ ਸਿੰਘ, ਐਸ.ਡੀ.ਐਮ.ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ,ਵਧੀਕ ਡਿਪਟੀ ਕਮਿਸ਼ਨਰ(ਵਿਕਾਸ)ਸ੍ਰੀਮਤੀ ਨਵਦੀਪ ਕੌਰ, ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ, ਐਸ.ਡੀ.ਐਮ.ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ,ਡੀ.ਐਸ.ਪੀ.ਸ੍ਰੀ ਕਰਮਜੀਤ ਸਿੰਘ, .ਏ.ਡੀ.ਏ ਸ੍ਰੀ ਅਵਿਕਾਸ ਸਿੰਗਲਾ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਈ-ਸਨਦ ਪ੍ਰੋਜੈਕਟ ਦਾ ਉਦੇਸ਼ ਭਾਰਤੀ ਨਾਗਰਿਕਾਂ, ਪ੍ਰਵਾਸੀ ਭਾਰਤੀਆਂ ਜਿਨ੍ਹਾਂ ਨੇ ਭਾਰਤ ਵਿੱਚ ਦਸਤਾਵੇਜ਼ ਜਾਰੀ ਕਰਨ ਵਾਲੀਆਂ ਅਥਾਰਟੀਆਂ ਤੋਂ ਦਸਤਾਵੇਜ਼ ਪ੍ਰਾਪਤ ਕਰਨੇ ਹਨ, ਲਈ ਕੰਟੈਕਟਲੈੱਸ ਅਤੇ ਕਾਗਜ਼ ਰਹਿਤ ਦਸਤਾਵੇਜ਼ ਵੈਰੀਫਿਕੇਸ਼ਨ/ਤਸਦੀਕ/ਅਪੋਸਟਾਈਲ (ਕਾਨੂੰਨੀ ਮਾਨਤਾ) ਸੇਵਾ ਲਈ ਇੱਕ ਕੇਂਦਰੀ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਹਨਾਂ ਵਿੱਚ ਨਿੱਜੀ, ਵਿਦਿਅਕ ਅਤੇ ਵਪਾਰਕ ਹਰ ਕਿਸਮ ਦੇ ਦਸਤਾਵੇਜ਼ ਸ਼ਾਮਲ ਹਨ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ (ਐਨ.ਆਰ.ਆਈ ਸੈਲ) ਵੱਲੋਂ ਕਾਊਂਟਰ ਸਾਈਨਾਂ ਲਈ ਤਿਆਰ ਕੀਤੇ ਇਸ ਪ੍ਰੋਜੈਕਟ ਨੂੰ ਪਹਿਲੇ ਪੜਾਅ ਅਧੀਨ ਲੁਧਿਆਣਾ ਅਤੇ ਮੋਹਾਲੀ ਜ਼ਿਲੇ ਦੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਸੀ । ਹੁਣ ਇਹ ਪ੍ਰੋਜੈਕਟ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ ਪੜਾਅ ਵਾਰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਐਨ.ਆਰ.ਆਈ ਪੰਜਾਬੀ ਆਪਣੇ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਮੇਤ ਵੱਖ ਵੱਖ ਦਸਤਾਵੇਜ਼ ਕਾਂਊਟਰ ਸਾਈਨ ਕਰਵਾਉਣ ਲਈ E-Sanad Portal (http://esanad.nic.in) ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਜਿਹੀਆਂ ਅਰਜੀਆਂ ਹੁਣ ਸੇਵਾ ਕੇਂਦਰਾਂ ਵਿੱਚ ਨਹੀਂ ਲਈਆਂ ਜਾਣਗੀਆਂ। ਆਨਲਾਈਨ ਅਪਲਾਈ ਕਰਨ ਉੱਤੇ ਅਰਜ਼ੀਕਰਤਾ ਨੂੰ ਇਕ ਰਸੀਦ ਨੰਬਰ ਮਿਲ ਜਾਇਆ ਕਰੇਗਾ। ਹਰੇਕ ਪੱਧਰ ਦੀ ਕਾਰਵਾਈ ਆਨਲਾਈਨ ਹੋਇਆ ਕਰੇਗੀ। ਇਥੋਂ ਤੱਕ ਕਿ ਅਰਜ਼ੀਕਰਤਾ(ਬਿਨੈਕਾਰ) ਨੂੰ ਚੰਡੀਗੜ੍ਹ ਜਾਂ ਦਿੱਲੀ ਵੀ ਨਹੀਂ ਜਾਣਾ ਪਵੇਗਾ। ਕਾਂਊਟਰ ਸਾਈਨ ਹੋਣ ਉਪਰੰਤ ਦਸਤਾਵੇਜ਼ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀਕਰਤਾ ਨੂੰ ਮਿਲ ਜਾਇਆ ਕਰੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਪੋਰਟਲ ਦੀ ਵਰਤੋ ਤਹਿਤ ਬਿਨੈਆਰ ਆਪਣੇ ਆਪ ਨੂੰ ਈ ਸਨਦ ਪੋਰਟਲ URL-https://esanad.nic.in 'ਤੇ ਰਜਿਸਟਰ ਕਰਕੇ ਲੌਗਇਨ ਕਰੇਗਾ ਇਸ ਉਪਰੰਤ ਗੈਰ-ਪ੍ਰੀ-ਪ੍ਰਮਾਣਿਤ ਦਸਤਾਵੇਜ਼ਾਂ ਦੀ ਆਪਸ਼ਨ ਚੁਣੇਗਾ, ਦਸਤਾਵੇਜ਼ ਦੀ ਕਿਸਮ ਨੂੰ ਨਿੱਜੀ ਅਤੇ ਜਾਰੀ ਕਰਨ ਵਾਲੀ ਅਥਾਰਟੀ ਰਾਜ ਨੂੰ ਪੰਜਾਬ ਵਜੋਂ ਚੁਣੇਗਾ।ਇਸ ਉਪਰੰਤ ਦਫ਼ਤਰ ਡਿਪਟੀ ਕਮਿਸ਼ਨਰ ਦੀ ਚੋਣ ਕੀਤੀ ਜਾਵੇ, ਜਿਸ ਦੇ ਅਧੀਨ ਉਸ ਦੀ ਰਿਹਾਇਸ਼ ਆਉਂਦੀ ਹੈ, ਉਸ ਤੋਂ ਬਾਅਦ ਲੋੜੀਂਦੇ ਵੇਰਵੇ ਭਰੇ ਜਾਣ ਅਤੇ ਦਸਤਾਵੇਜ਼ ਅਪਲੋਡ ਕੀਤੇ ਜਾਣ, ਫਿਰ ਤਸਦੀਕ/ਅਪੋਸਟਿਲ ਲਈ ਔਨਲਾਈਨ ਭੁਗਤਾਨ ਲਈ ਅੱਗੇ ਵਧੋ, ਈ-ਸਨਦ ਪੋਰਟਲ ਸਫਲ ਭੁਗਤਾਨ ਤੋਂ ਬਾਅਦ ਇਸਦੀ ਪ੍ਰਾਪਤੀ ਰਸੀਦ ਤਿਆਰ ਕਰੇਗਾ। ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ ਲਈ, https://esanad.nic.in/checkStatus 'ਤੇ ਜਾਣਾ ਪਵੇਗਾ। ਉਨ੍ਹਾਂ ਹੋਰ ਦੱਸਿਆ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੀ ਵੈਬ ਸਾਈਟ malerkotla.nic.in ਤੋਂ ਵੀ ਇੱਕਤਰ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਅਰਜ਼ੀਕਰਤਾ ਸੇਵਾ ਕੇਂਦਰ ਵਿੱਚ ਜਾ ਕੇ ਖੁਦ ਅਪਲਾਈ ਕਰਦਾ ਸੀ। ਉਸ ਤੋਂ ਬਾਅਦ ਉਸਨੂੰ ਆਪਣੀ ਅਰਜ਼ੀ ਲੈ ਕੇ ਚੰਡੀਗੜ੍ਹ ਅਤੇ ਪਟਿਆਲਾ ਹਾਊਸ, ਦਿੱਲੀ ਵੀ ਖੁਦ ਹੀ ਜਾਣਾ ਪੈਂਦਾ ਸੀ। ਇਸ ਨਾਲ ਉਹਨਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਕਾਫੀ ਖੱਜਲ ਖ਼ੁਆਰੀ ਹੁੰਦੀ ਸੀ। ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਵਾਸੀ ਭਾਰਤੀਯ ਪੰਜਾਬੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ।