ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵੱਲੋਂ ਸਰਬ ਭਾਰਤੀ ਅੰਤਰ ਰਾਜੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਤੋਂ ਉੱਘੀ ਕਵਿੱਤਰੀ ਤੇ ਚਿੰਤਕ ਡਾ. ਵਨੀਤਾ ਨੇ ਸ਼ਿਰਕਤ ਕੀਤੀ। ਇਸ ਕਵੀ ਦਰਬਾਰ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਵੀ ਸ਼ਾਮਲ ਹੋਏ ਜਿਨ੍ਹਾਂ ਵਿਚ ਸ਼ਿਵ ਦੱਤ ਅਕਸ (ਮਹਾਰਾਸ਼ਟਰ), ਬਰਜਿੰਦਰ ਚੌਹਾਨ (ਦਿੱਲੀ), ਗੁਰਚਰਨ ਸਿੰਘ ਜੋਗੀ (ਹਰਿਆਣਾ), ਸਵਾਮੀ ਅੰਤਰ ਨੀਰਵ (ਜੰਮੂ), ਲਖਵਿੰਦਰ ਸਿੰਘ ਬਾਜਵਾ (ਹਰਿਆਣਾ), ਤੈ੍ਲੋਚਨ ਲੋਚੀ (ਪੰਜਾਬ), ਕਰਨੈਲ ਸਿੰਘ ਮਾਂਗਟ (ਕੇਰਲਾ), ਛਿੰਦਰ ਕੌਰ ਸਿਰਸਾ (ਹਰਿਆਣਾ), ਸੁਖਰਾਜ ਸਿੰਘ ਆਈ ਪੀ ਐੱਸ (ਮੱਧ ਪ੍ਰਦੇਸ਼), ਜਸਬੀਰ ਢਿੱਲੋਂ ਦਾਵਰ (ਗੁਜਰਾਤ), ਦਵਿੰਦਰ ਕੌਰ (ਪੱਛਮੀ ਬੰਗਾਲ) ਤੇ ਸੁੱਖਕੀਰਤ ਸਿੰਘ ਢਿੱਲੋਂ (ਰਾਜਸਥਾਨ) ਉਚੇਚੇ ਤੌਰ ਤੇ ਸ਼ਾਮਲ ਹੋਏ। ਕਵੀ ਦਰਬਾਰ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ਼਼ ਅਰਵਿੰਦਰ ਸਿੰਘ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ। ਇਹ ਕਵੀ ਦਰਬਾਰ ਡਾ. ਸ. ਪ. ਸਿੰਘ ਸਾਬਕਾ ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾਂ ਖਾਲਸਾ ਐਕਸ਼ਨਲ ਲੁਧਿਆਣਾ ਦੀ ਸੁਯੋਗ ਸਰਪ੍ਰਸਤੀ ਅਧੀਨ ਕਰਵਾਇਆ ਗਿਆ। ਡਾ. ਸ. ਪ. ਸਿੰਘ ਨੇ ਕੈਨੇਡਾ ਤੋਂ ਕਿਹਾ ਕਿ ਸਰਬ ਭਾਰਤੀ ਕਵੀ ਦਰਬਾਰ ਆਪਣੇ ਆਪ ਵਿਚ ਇਕ ਵੱਖਰੀ ਤਰ੍ਹਾਂ ਦਾ ਸੰਕਲਪ ਹੈ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਰਾਜਾਂ ਵਿੱਚ ਵੱਸਦੇ ਕਵੀਆਂ ਸਾਹਿਤਕਾਰਾਂ ਦੀ ਪੰਜਾਬੀ ਵਿਭਾਗ ਨਿਸ਼ਾਨਦੇਹੀ ਕਰਨ ਦਾ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਲਈ ਵੀ ਯਤਨਸ਼ੀਲ ਰਹੇਗਾ। ਡਾ. ਵਨੀਤਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੁਲਕ ਦੇ ਵੱਖ-ਵੱਖ ਖਿੱਤਿਆਂ ਵਿਚ ਲਿਖੀ ਜਾ ਰਹੀ ਕਵਿਤਾ ਦੀ ਸੁਰ ਸੰਵੇਦਨਾ ਮਾਨਣ ਦਾ ਮੌਕਾ ਇਸ ਪ੍ਰੋਗਰਾਮ ਨੇ ਦਿੱਤਾ ਹੈ। ਵੱਖ-ਵੱਖ ਸੂਬਿਆਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਦੇ ਸਥਾਨਕ ਕਵੀਆਂ ਦਾ ਦ੍ਰਿਸ਼ਟੀਕੋਣ ਵੀ ਪਾਠਕਾਂ ਸਨਮੁੱਖ ਹੋਵੇਗਾ। ਇਸ ਮੌਕੇ ਤੇ ਉਨ੍ਹਾਂ ਨੇ ਆਪਣੀਆਂ ਕੁਝ ਨਜ਼ਮਾਂ ਦੀ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਪੋ੍ ਸ਼ਰਨਜੀਤ ਕੌਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਵੀਆਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਬਹੁਤ ਸੋਹਣਾ ਰੰਗ ਬੰਨਿਆ ।ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਗੁਜਰਾਂਵਾਲਾ ਦੀ ਧਰਤੀ ਨੂੰ ਨਤਮਸਤਕ ਹੁੰਦਾ ਹਾਂ। ਜਿਸ ਨੇ ਅਨੇਕਾਂ ਸੂਰਮੇ, ਨਾਇਕ, ਸਿੱਖਿਆ-ਸ਼ਾਸਤਰੀ, ਸਾਹਿਤਕਾਰ ਪੈਦਾ ਕੀਤੇ। ਉਨ੍ਹਾਂ ਨੇ ਪ੍ਰਿੰ. ਬਾਵਾ ਹਰਕ੍ਰਿਸ਼ਨ, ਪ੍ਰਿੰ. ਤੇਜਾ ਸਿੰਘ ਅਤੇ ਪ੍ਰਿੰ. ਜੋਧ ਸਿੰਘ ਹੋਣਾਂ ਦੀ ਦੇਣ ਦਾ ਜ਼ਿਕਰ ਕੀਤਾ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜਿਸ ਦਾ ਜਨਮ 25 ਨਵੰਬਰ 1929 ਨੂੰ ਗੁਜਰਾਂਵਾਲਾ ਵਿਖੇ ਹੋਇਆ ਉਨ੍ਹਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਨੇ ਕਿਹਾ ਕਿ ਭਾਰਤ ਦੇ ਕਿਸੇ ਵੀ ਸੂਬੇ ਤੋਂ ਪੰਜਾਬੀ ਸਾਹਿਤ ਸਿਰਜਣਾ ਨਾਲ ਜੁੜਿਆ ਲੇਖਕ ਗੁਜਰਾਂਵਾਲਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ, ਕਵੀ ਦਰਬਾਰ ਦੇ ਅਖੀਰ ਤੇ ਇਸ ਕਵੀ ਦਰਬਾਰ ਦੇ ਸੰਚਾਲਕ ਪ੍ਰੋ. ਸ਼ਰਨਜੀਤ ਕੌਰ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।