ਲੁਧਿਆਣਾ 4 ਅਕਤੂਬਰ, 2024 : ਪੀ ਏ ਯੂ ਦੇ ਸਾਬਕਾ ਵਿਦਿਆਰਥੀ ਅਤੇ ਉੱਚ ਪੱਧਰੀ ਗੋਲਡ ਮੈਡਲ ਵਿਜੇਤਾ ਪਹਿਲਵਾਨ ਸ. ਗੁਲਜ਼ਾਰ ਸਿੰਘ ਬਲਿੰਗ, ਕਨੇਡਾ ਨਿਵਾਸੀ ਨੇ ਪੀਏਯੂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਭਲਾਈ ਲਈ 15 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਹੈ। ਉਨਾਂ ਦੀ ਤਰਫੋਂ ਸ਼੍ਰੀਮਤੀ ਰਣਵੀਰ ਕੌਰ ਨੇ ਅੱਜ ਇਹ ਚੈੱਕ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਮਿਲਖ ਅਧਿਕਾਰੀ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਨੂੰ ਸੌਂਪਿਆ। ਇਸ ਮੌਕੇ ਸ ਗੁਲਜ਼ਾਰ ਸਿੰਘ ਬਲਿੰਗ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਪੀਏਯੂ ਨੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਨੂੰ ਬਿਹਤਰ ਸੁਵਿਧਾਵਾਂ ਅਤੇ ਹੌਸਲਾ ਅਫਜ਼ਾਈ ਲਈ ਜੋ ਵੀ ਹੋ ਸਕੇਗਾ, ਉਹ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਖੇਡ ਸੁਵਿਧਾਵਾਂ ਦੇਣੀਆਂ ਬੇਹੱਦ ਲਾਜ਼ਮੀ ਹਨ। ਇਸ ਮੌਕੇ ਸ ਗੁਲਜ਼ਾਰ ਸਿੰਘ ਬਲਿੰਗ ਨੇ ਪੀਏਯੂ ਵਿੱਚ ਆਪਣੇ ਖੇਡ ਜੀਵਨ ਨੂੰ ਯਾਦ ਕਰਦਿਆਂ ਹੋਰ ਵਿਦਿਆਰਥੀਆਂ ਦੀ ਸਫਲਤਾ ਲਈ ਕਾਮਨਾ ਵੀ ਕੀਤੀ। ਅਪਰ ਨਿਰਦੇਸ਼ਕ ਸੰਚਾਰ ਡਾਕਟਰ ਤੇਜਿੰਦਰ ਸਿੰਘ ਰਿਆੜ ਨੇ ਇਸ ਇਮਦਾਦ ਲਈ ਸ ਗੁਲਜ਼ਾਰ ਸਿੰਘ ਬਲਿੰਗ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਪੀ ਏ ਯੂ ਨੂੰ ਆਪਣੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉੱਪਰ ਅਥਾਹ ਮਾਣ ਹੈ ਤੇ ਇਨ੍ਹਾਂ ਕੋਲੋਂ ਪ੍ਰੇਰਿਤ ਹੋ ਕੇ ਹੀ ਮੌਜੂਦਾ ਵਿਦਿਆਰਥੀ ਸਫਲਤਾ ਦੇ ਰਸਤੇ ਤੇ ਤੁਰ ਸਕਦੇ ਹਨ। ਡਾ ਰਿਆੜ ਨੇ ਆਸ ਪ੍ਰਗਟਾਈ ਕਿ ਇਸ ਸਹਿਯੋਗ ਨਾਲ ਪੀਏਯੂ ਵਿੱਚ ਖੇਡ ਸੁਵਿਧਾਵਾਂ ਹੋਰ ਬਿਹਤਰ ਬਣਾਈਆਂ ਜਾ ਸਕਣਗੀਆਂ ਜਿਸ ਨਾਲ ਆਉਣ ਵਾਲੇ ਖਿਡਾਰੀ ਆਪਣੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਸਕਣਗੇ। ਮਿਲਖ ਅਧਿਕਾਰੀ ਡਾ ਰਿਸ਼ੀਇੰਦਰਾ ਸਿੰਘ ਗਿੱਲ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਬੋਲਦਿਆਂ ਇੱਕ ਵਾਰ ਫਿਰ ਇਸ ਇਮਦਾਦ ਲਈ ਬਿਲਿੰਗ ਪਰਿਵਾਰ ਅਤੇ ਵਿਸ਼ੇਸ਼ ਤੌਰ ਤੇ ਸ ਗੁਲਜ਼ਾਰ ਸਿੰਘ ਬਲਿੰਗ ਲਈ ਨਿੱਘੇ ਭਾਵ ਪ੍ਰਗਟ ਕੀਤੇ। ਹੋਰਨਾਂ ਤੋਂ ਇਲਾਵਾ ਉਪ ਨਿਰਦੇਸ਼ਕ ਖੇਡਾਂ ਡਾ ਕਮਲਜੀਤ ਕੌਰ ਅਤੇ ਪੀਏਯੂ ਦੇ ਹੋਰ ਅਧਿਆਪਕ ਵੀ ਇਸ ਸਮੇਂ ਮੌਜੂਦ ਸਨ।