ਸੁਪਰ ਸੀਡਰ ਅਤੇ ਸਮਾਰਟ ਸੀਡਰ ਵਰਤੋਂ ਕਰਕੇ ਕਿਸਾਨ ਕਰਨ ਸਕਦੇ ਹਨ ਕਣਕ ਦੀ ਬਿਜਾਈ-ਡਾ.ਅਮਰੀਕ ਸਿੰਘ

  • ਡੀ.ਏ.ਪੀ. ਦੇ ਬਦਲ ਵਜੋਂ ਹੋਰ ਖਾਦਾਂ ਨਾਲ ਕੀਤੀ ਜਾ ਸਕਦੀ ਹੈ ਕਣਕ ਵਿੱਚ ਫਾਸਫੋਰਸ ਦੀ ਪੂਰਤੀ

ਕੋਟਕਪੂਰਾ, 11 ਨਵੰਬਰ 2024 : ਜ਼ਿਲ੍ਹਾ ਫਰੀਦਕੋਟ ਵਿੱਚ ਕੁਝ ਕਿਸਾਨਾਂ ਵਲੋਂ ਪਰਾਲੀ/ਫਸਲ ਦੀ ਰਹਿੰਦ-ਖੂੰਹਦ ਦੀ ਮਹੱਤਤਾ ਨਾ ਸਮਝਦੇ ਹੋਏ, ਓਸ ਨੂੰ ਅੱਗ ਲਗਾ ਕਿ ਜ਼ਮੀਨ ਅਤੇ ਵਾਤਾਵਰਣ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਓਥੇ ਕੁੱਝ ਕਿਸਾਨ ਅਜਿਹੇ ਵੀ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਇਸ ਦਾ ਖੇਤ ਵਿੱਚ ਪ੍ਰਬੰਧਨ ਕਰ ਕਰਕੇ ਸਫਲਤਾ ਪੂਰਵਕ  ਕਣਕ ਦੀ ਕਾਸ਼ਤ ਰਹੇ ਹਨ। ਅਜਿਹੇ ਅਗਾਂਹਵਧੂ ਕਿਸਾਨਾਂ ਵਿੱਚੋਂ ਇੱਕ ਕਿਸਾਨ ਜਗਦੇਵ ਸਿੰਘ ਵਾਸੀ ਪਿੰਡ ਜੀਵਨ ਵਾਲ , ਬਲਾਕ ਕੋਟਕਪੂਰਾ ਵੀ ਹਨ ਜੋਂ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਸੰਭਾਲ ਕੇ ਕਣਕ ਅਤੇ ਹੋਰ ਫ਼ਸਲਾਂ ਦੀ ਕਾਸ਼ਤ ਕਰ ਕੇ ਮਿੱਟੀ ਦੀ ਸਿਹਤ ਸੁਧਾਰਨ ਦੇ ਨਾਲ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਜਗਦੇਵ ਸਿੰਘ ਵਲੋਂ ਪਹਿਲਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ ਪਰ ਸਾਲ ਪਿਛਲੇ ਤਿੰਨ ਸਾਲਾਂ ਤੋਂ ਪੀ ਏ ਯੂ ਸਮਾਰਟ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰ ਰਿਹਾ ਹੈ ਜਿਸ ਨਾਲ ਕਣਕ ਅਤੇ ਝੋਨੇ ਦੀ ਪੈਦਾਵਾਰ ਵਿਚ ਵਾਧਾ ਹੋਣ ਨਾਲ ਆਮਦਨ ਵਿਚ ਵੀ ਵਾਧਾ ਹੋਇਆ ਹੈ।ਕਣਕ ਦੀ ਬਿਜਾਈ ਸਮੇਂ ਖਾਸ ਤੌਰ ਤੇ ਜਗਦੇਵ ਸਿੰਘ ਦੇ ਖੇਤਾਂ ਵਿਚ ਵਿਸ਼ੇਸ਼ ਤੌਰ ਤੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਪਹੁੰਚੇ ।ਉਨਾਂ ਦੇ ਨਾਲ ਡਾ. ਨਿਸ਼ਾਨ ਸਿੰਘ , ਡਾ. ਲਖਵੀਰ ਸਿੰਘ  ਅਤੇ ਡਾ.ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹਾਜ਼ਰ ਸਨ। ਇਸ ਮੌਕੇ  ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਕਿਸਾਨ ਜਗਦੇਵ ਸਿੰਘ ਵੱਲੋਂ ਖੇਤੀ ਅਧਿਕਾਰੀਆਂ ਨਾਲ  ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਓਹ  ਪਿਛਲੇ ਲੰਬੇ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰ ਰਿਹਾ ਸੀ ਪਰ ਪਿਛਲੇ ਤਿੰਨ ਸਾਲ ਤੋਂ ਬਲਾਕ ਖ਼ੇਤੀਬਾੜੀ ਦਫਤਰ ਤੋਂ ਸਮਾਰਟ ਸੀਡਰ ਲਿਆ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਮਸ਼ੀਨ ਦਾ ਕੋਈ ਕਿਰਾਇਆ ਨਹੀਂ ਵਸੂਲਿਆ ਜਾਂਦਾ ਅਤੇ ਇੱਕ ਏਕੜ ਕਣਕ ਦੀ ਬਿਜਾਈ ਕਰਨ ਤੇ 6-7 ਲਿਟਰ ਡੀਜ਼ਲ ਦੀ ਖਪਤ ਹੁੰਦੀ ਹੈ। ਉਨਾਂ ਦੱਸਿਆ ਕਿ ਝੋਨੇ ਦੀ ਪੀ ਆਰ 131 ਕਿਸਮ ਦੀ ਕਟਾਈ ਸੁਪਰ ਐੱਸ ਐੱਮ ਐਸ ਲੱਗੀ ਕੰਬਾਈਨ ਨਾਲ ਕੀਤੀ ਗਈ ,ਜਿਸ ਨਾਲ ਪਰਾਲੀ ਖੇਤ ਵਿਚ ਖਿੱਲਰ ਗਈ। ਉਪਰੰਤ ਖੇਤ ਨੂੰ ਰੌਣੀ ਕਰਨ ਲਈ ਪਾਣੀ ਲਗਾ ਦਿੱਤਾ ਕਿਉਂਕਿ ਖੇਤ ਵਿਚ ਨਮੀ ਘਟ ਸੀ । ਉਨਾਂ ਦੱਸਿਆ ਕਿ  ਵੱਤਰ ਆਉਣ ਤੇ ਕਣਕ ਦੇ ਬੀਜ ਨੂੰ ਕਲੋਰੋਪਾਈਰਫਾਸ ਅਤੇ ਉਲੀਨਾਸ਼ਕ ਨਾਲ ਸੋਧ ਕੇ ਕਣਕ ਦੀ ਬਿਜਾਈ ਸਮਾਰਟ ਸੀਡਰ ਨਾਲ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ  ਕੀਤੀ ਜਾਂਦੀ ਸੀ ਪਰ ਹੁਣ ਖੇਤੀਬਾੜੀ ਵਿਭਾਗ ਦੇ ਪ੍ਰੇਰਨਾ ਸਦਕਾ  ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਜਿਸ ਨਾਲ ਬਹੁਤ ਫਾਇਦਾ ਹੋਇਆ ਹੈ। ਕਣਕ ਵਿਚ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਦੱਸਿਆ ਕਿ ਪਰਾਲੀ ਨੁੰ ਖੇਤ ਵਿਚ ਸੰਭਾਲਣ ਦੇ ਬਾਵਜੂਦ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੋਇਆ ਕਿਉਂਕਿ ਬਿਜਾਈ ਤੋਂ ਪਹਿਲਾਂ ਕਣਕ ਦੇ 40 ਕਿਲੋ ਬੀਜ ਨੁੰ ਕੀਟਨਾਸ਼ਕ ਕਲੋਰੋਪਾਈਰਫਾਸ 160 ਮਿਲੀ ਲਿਟਰ ਨਾਲ ਸੋਧ ਲਿਆ ਜਾਂਦਾ ਹੈ ਜਿਸ ਨਾਲ ਕਦੇ ਵੀ ਗੁਲਾਬੀ ਸੁੰਡੀ ਦਾ ਹਮਲਾ ਕਣਕ ਦੀ ਫ਼ਸਲ ਵਿਚ ਨਹੀਂ ਦੇਖਿਆ ਗਿਆ। ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕੋਲ ਬਲਾਕ ਪੱਧਰ ਤੇ ਇੱਕ ਸੁਪਰ ਸੀਡਰ ਅਤੇ ਇਕ ਸਮਾਰਟ ਸੀਡਰ ਮੌਜੂਦ ਹੈ ਜਿਸ ਦੀ ਵਰਤੋਂ ਕਰਕੇ ਕੋਈ ਵੀ ਕਿਸਾਨ ਖਾਸ ਕਰਕੇ ਛੋਟੇ ਕਿਸਾਨ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਲਈ ਫਾਸਫੋਰਸ ਖੁਰਾਕੀ ਤੱਤ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਡੀ.ਏ.ਪੀ. ਖਾਦ ਦੀ ਤੋਂ ਬਿਨਾਂ ਵੀ ਹੋਰ ਖਾਦਾਂ ਨਾਲ ਕਣਕ ਦੀ ਫਸਲ ਲਈ ਫਾਸਫੋਰਸ ਦੀ ਜ਼ਰੂਰਤ ਪੂਰੀ ਕਰ ਸਕਦੇ ਹਨ ਜਿਸ ਲਈ ਕਿਸਾਨ ਖਾਦ ਅਤੇ ਟ੍ਰਿਪਲ ਸੁਪਰ ਫਾਸਫੇਟ ਖਾਦ ,ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕਰ ਸਕਦੇ ਹਨ।  ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਖਰਚ ਵੀ ਘੱਟ ਆਵੇਗਾ ।