ਕੋਟਕਪੂਰਾ : ਵਰਤਮਾਨ ਸਮੇਂ ਵਿੱਚ ਵਿਦਿਆਰਥਣਾ ਅਰਥਾਤ ਧੀਆਂ ਨੂੰ ਪ੍ਰੇਰਿਤ ਕਰਨਾ, ਕੁਰਾਹੇ ਪੈਣ ਤੋਂ ਬਚਾਉਣਾ, ਉਹਨਾ ਦਾ ਭਵਿੱਖ ਰੁਸ਼ਨਾਉਣਾ ਅਤੇ ਹਰ ਪੱਖੋਂ ਸੰਭਾਲ ਕਰਨ ਦੀ ਜਿੰਮੇਵਾਰੀ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਬਰਾਬਰ ਹੁੰਦੀ ਹੈ। ਸਥਾਨਕ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਏ ਗਏ ਬਾਲ ਦਿਵਸ ਅਤੇ ਕਰਵਾਏ ਗਏ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਜਿਆਦਾ ਜੋਰ ਸਿਹਤ ਅਤੇ ਸਿੱਖਿਆ ਦੇ ਸੁਧਾਰ ਅਤੇ ਨਵੀਆਂ ਤਕਨੀਕਾਂ ਲਿਆਉਣ ’ਤੇ ਹੀ ਲਾਇਆ ਜਾ ਰਿਹਾ ਹੈ। ਉਹਨਾਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੀਆਂ ਵਿਦਿਆਰਥਣਾ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ‘‘ਧੀ ਸਕੂਲ ਦੀ’’ ਦਾ ਐਵਾਰਡ ਮਮਤਾ ਸ਼ਰਮਾ, ‘ਉੱਡਣ ਪਰੀ’ ਹਰਮੀਤ ਕੌਰ, ‘ਸਕੂਲ ਦੀ ਕੋਇਲ’ ਹਰਲੀਨ ਸ਼ਰਮਾ ਆਦਿਕ ਨੂੰ ਉਕਤ ਐਵਾਰਡਾਂ ਦੇ ਨਾਲ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪਿ੍ਰੰਸੀਪਲ ਪ੍ਰਭਜੋਤ ਸਿੰਘ ਮੁਤਾਬਿਕ ਸਪੀਕਰ ਸੰਧਵਾਂ ਸਮੇਤ ਸ਼ਿਵਰਾਜ ਕਪੂਰ ਡੀਈਓ, ਪ੍ਰਦੀਪ ਦਿਉੜਾ ਡਿਪਟੀ ਡੀਈਓ ਅਤੇ ਹੋਰ ਪਤਵੰਤਿਆਂ ਨੇ ‘ਜੀਵਨ ਤਾਂਘ’ ਮੈਗਜ਼ੀਨ ਰਿਲੀਜ਼ ਕੀਤਾ, ਜਦਕਿ ਵਿਦਿਆਰਥਣਾ ਦੇ ਵਿਧਾਨ ਸਭਾ ਅਤੇ ਆਨੰਦਪੁਰ ਸਾਹਿਬ ਦੇ ਦੌਰਿਆਂ ਅਰਥਾਤ ਯਾਤਰਾਵਾਂ ਨਾਲ ਸਬੰਧਤ ਵੀ ਦੋ ਮੈਗਜ਼ੀਨ ਜਾਰੀ ਕੀਤੇ ਗਏ। ਪਿ੍ਰੰਸੀਪਲ ਪ੍ਰਭਜੋਤ ਸਿੰਘ ਦੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਇਸ ਸਕੂਲ ਲਈ 10 ਲੱਖ ਰੁਪਏ ਦੀ ਗ੍ਰਾਂਟ ਸੌਂਪੀ ਗਈ ਸੀ ਤੇ ਹੋਰ ਮੰਗ ਦੇ ਮੱਦੇਨਜਰ 15 ਲੱਖ ਰੁਪਏ ਦੀ ਗ੍ਰਾਂਟ ਹੋਰ ਮੁਹੱਈਆ ਕਰਵਾਈ ਜਾਵੇਗੀ। ਸਮਾਜਸੇਵੀ ਬਲਜੀਤ ਸਿੰਘ ਖੀਵਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਪ੍ਰੇਰਨਾਸਰੋਤ ਵਿਚਾਰਾਂ ਸਾਂਝੀਆਂ ਕੀਤੀਆਂ। ਸਟੇਜ ਸੰਚਾਲਨ ਕਰਦਿਆਂ ਕੁਲਵਿੰਦਰ ਸਿੰਘ ਜਟਾਣਾ ਅਤੇ ਮੀਨੂੰ ਮੌਂਗਾ ਨੇ ਦੱਸਿਆ ਕਿ ਵਿਦਿਆਰਥਣਾ ਵਲੋਂ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ, ਮੌਸਮ ਦੀ ਬੇਯਕੀਨੀ ਦੇ ਬਾਵਜੂਦ ਵੀ ਪੋ੍ਰਗਰਾਮ ਬੇਹੱਦ ਸਫਲਤਾਪੂਰਵਕ ਨੇਪਰੇ ਚੜਿਆ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਸਮੇਤ ਸਮੇਂ ਸਮੇਂ ਸਕੂਲ ਦੇ ਵਿਕਾਸ ਲਈ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।