ਫਿਰੋਜ਼ਪੁਰ, 11 ਨਵੰਬਰ 2024 : ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਨੇੜਲੇ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਦੌਰਾਨ ਜਦੋਂ ਲੜਕੀ ਦੀ ਵਿਦਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਕਿ ਲਾੜੀ ਦੇ ਸਿਰ ਵਿੱਚ ਵੱਜੀ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਲਾੜੀ ਨੂੰ ਗੰਭੀਰ ਹਾਲਤ ਦੇ ਵਿੱਚ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਹਾਸ਼ਮ ਤੂਤ ਦੇ ਬਾਜ ਸਿੰਘ ਦੀ ਧੀ ਬਲਜਿੰਦਰ ਕੌਰ (23) ਦਾ ਵਿਆਹ ਤਰਨ ਤਾਰਨ ਜ਼ਿਲ੍ਹੇ ਦੇ ਸਰਹਾਲੀ ਕਲਾਂ ਦੇ ਗੁਰਪ੍ਰੀਤ ਸਿੰਘ ਨਾਲ ਪਿੰਡ ਖਾਈ ਫੇਮੇ ਕੀ ਨੇੜੇ ਮੈਰਿਜ ਪੈਲੇਸ ਵਿੱਚ ਹੋ ਰਿਹਾ ਸੀ ਤੇ ਵਿਆਹ ਸਮਾਗਮ ਦੌਰਾਨ ਰਿਸ਼ਤੇਦਾਰ ਵਲੋਂ ਹਵਾ ਵਿਚ ਚਲਾਈ ਗੋਲੀ ਬਲਜਿੰਦਰ ਕੌਰ ਦੇ ਸਿਰ ਵਿਚ ਵੱਜੀ, ਜਿਸ ਤੋਂ ਬਾਅਦ ਲਾੜੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਖੰਘਾਲ ਰਹੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬਲਜਿੰਦਰ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਸਮੇਤ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਲਾੜੀ ਦੇ ਗੋਲੀ ਲੱਗਣ ਦਾ ਸੁਣ ਕੇ ਬਹੁਤ ਦੁੱਖ ਲੱਗਿਆ : ਭਗਵੰਤ ਮਾਨ
ਫ਼ਿਰੋਜ਼ਪੁਰ ਨੇੜੇ ਇਕ ਪਿੰਡ ਵਿੱਚ ਵਿਆਹ ਸਮਾਗਮ ਦੌਰਾਨ ਕਿਸੇ ਰਿਸ਼ਤੇਦਾਰ ਵਲੋਂ ਕੀਤੇ ਹਵਾਈ ਫਾਇਰ ਦੌਰਾਨ ਗੋਲੀ ਲਾੜੀ ਨੂੰ ਜਾ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਇਸ ਘਟਨਾ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨਾਂ ਕਿਹਾ ਕਿ “ਫਿਰੋਜ਼ਪੁਰ ਤੋਂ ਇੱਕ ਨਵੀਂ ਵਿਆਹੀ ਕੁੜੀ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਸੁਣ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬੀ ਕਿਹੜੇ ਰਾਹੇ ਤੁਰ ਪਏ ਨੇ, ਪੰਜਾਬੀਓ ਖੁਸ਼ੀ ਕਿਸੇ ਹੋਰ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ, ਵੈਸੇ ਵੀ ਹਥਿਆਰਾਂ ਦੀ ਵਿਆਹ ਸ਼ਾਦੀਆਂ ਦੇ ਮੌਕੇ ਚਲਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਅਸੀਂ ਅਨੇਕਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਿਆਂ ਦਾ ਹੀ ਲਹੂ ਵਹਾਅ ਰਹੇ ਹਾਂ, ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ ‘ਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ ‘ਚ ਧਾਹਾਂ ਵੱਜਣ ਲੱਗ ਗਈਆਂ,ਅਰਦਾਸ ਕਰਦਾਂ ਹਾਂ ਕਿ ਕੁੜੀ ਦੀ ਜਾਨ ਬਚ ਜਾਵੇ”