ਮਲੋਟ ਫੋਕਲ ਪੁਆਇੰਟ ਵਿਖੇ 1.71 ਕਰੋੜ ਦੀ ਲਾਗਤ ਨਾਲ ਲੋਕਾਂ ਨੂੰ ਦਿੱਤੀ ਜਾਵੇਗੀ ਪੀਣ ਵਾਲੇ ਪਾਣੀ ਦੀ ਸਪਲਾਈ, ਮੰਤਰੀ ਡਾ. ਬਲਜੀਤ ਕੌਰ

  • 90 ਏਕੜ ਤੋਂ ਵੱਧ ਰਕਬੇ ਨੂੰ ਮਿਲੇਗੀ ਪੀਣ ਵਾਲੇ ਪਾਣੀ ਦੀ ਸਪਲਾਈ

ਮਲੋਟ, 03 ਅਪ੍ਰੈਲ 2025 : ਫੋਕਲ ਪੁਆਇੰਟ ਮਲੋਟ ਵਿਖੇ ਲੋਕਾਂ ਦੀ ਲਮਚੇਰੀ ਮੰਗ ਨੂੰ ਪੂਰਾ ਕਰਦਿਆਂ 1.71 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਮੁਹਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਦੱਸਿਆ ਕਿ ਫੋਕਲ ਪੁਆਇੰਟ ਮਲੋਟ ਦੇ ਇੰਡਸਟ੍ਰਿਯਲ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਹੈ। ਇਸ ਇਲਾਕੇ ਨੂੰ ਵਾਟਰ ਵਰਕਸ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ ਜਿਸ ਕਾਰਣ ਵੱਖ-ਵੱਖ ਸਨਅਤਾਂ 'ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਮਜ਼ਦੂਰਾਂ ਨੂੰ ਦਿੱਕਤ ਆਉਂਦੀ ਹੈ। ਡਾ. ਬਲਜੀਤ ਕੌਰ ਉਦਯੋਗ ਤੇ ਵਣਜ ਮੰਤਰੀ ਸ੍ਰੀ ਤਰੁਣਪ੍ਰੀਤ ਸਿੰਘ ਸੌਦ ਪੰਜਾਬ ਦਾ ਵੀ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ ਜਿੰਨ੍ਹਾਂ ਨੇ ਮਲੋਟ ਇਲਾਕੇ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਫੋਕਲ ਪੁਆਇੰਟ ਵਿਖੇ ਸਥਿਤ ਸਨਅਤਾਂ ਨੂੰ ਨੇੜੇ ਦੇ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਜਿਸ ਲਈ ਤਕਰੀਬਨ 4 ਕਿਲੋਮੀਟਰ ਤੋਂ ਵੱਧ ਲੰਬੀਆਂ ਪਾਈਪਾਂ ਵਿਛਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ. ਐੱਸ. ਆਈ. ਈ. ਸੀ) ਵੱਲੋਂ ਟੈਂਡਰ ਕਰ ਦਿੱਤੇ ਗਏ ਹਨ। ਇਹ ਕੰਮ ਸਬੰਧਿਤ ਕੰਪਨੀ ਨੂੰ ਅਲਾਟ ਕਰਕੇ ਅਗਲੇ ਛੇ ਮਹੀਨਿਆਂ 'ਚ ਇਸ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।