ਡਿਪਟੀ ਕਮਿਸ਼ਨਰ ਨੇ ਕੀਤੀ ਸਫਾਈ ਸੇਵਕਾਂ ਦੀ ਚੈਕਿੰਗ, ਸਦਰ ਬਾਜ਼ਾਰ, ਬਾਲਮੀਕੀ ਚੌਂਕ ਵਿਖੇ ਕੀਤੀ ਚੈਕਿੰਗ 

  • ਡਿਪਟੀ ਕਮਿਸ਼ਨਰ ਨੇ ਕੀਤਾ ਮੋਗਾ ਬਾਈ ਪਾਸ ਵਿਖੇ ਕੂੜਾ ਡੰਪ ਸਾਈਟ ਦਾ ਦੌਰਾ 
  • ਦਾਣਾ ਮੰਡੀ ਵਾਂਗ ਮੋਗਾ ਬਾਈ ਪਾਸ ਵਿਖੇ ਵੀ ਕੁੜੇ ਨੂੰ ਸੋਧਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਡਿਪਟੀ ਕਮਿਸ਼ਨਰ 

ਬਰਨਾਲਾ, 3 ਮਈ 2025 : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਅੱਜ ਨਗਰ ਕਾਉਂਸਿਲ ਬਰਨਾਲਾ ਦੇ ਅਧਿਕਾਰ ਖੇਤਰ ਹੇਠਾਂ ਪੈਂਦੇ ਇਲਾਕਿਆਂ 'ਚ ਸਫਾਈ ਸੇਵਕਾਂ ਦੀ ਹਾਜ਼ਰੀ ਸਬੰਧੀ ਚੈਕਿੰਗ ਕੀਤੀ । ਉਨ੍ਹਾਂ ਸਦਰ ਬਜ਼ਾਰ ਅਤੇ ਬਾਲਮੀਕੀ ਚੌਂਕ ਵਿਖੇ ਚੈਕਿੰਗ ਕੀਤੀ ਜਿੱਥੇ ਸਾਰੇ ਸਫਾਈ ਸੇਵਕ ਹਾਜ਼ਰ ਪਾਏ ਗਏ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀ ਸਫਾਈ ਦਾ ਕੰਮ ਪੂਰੀ ਤਨਦੇਹੀ ਨਾਲ ਹੋਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਵੀ ਪ੍ਰਕਾਰ ਦੀ ਊਣਤਾਈ ਪਾਈ ਜਾਂਦੀ ਹੈ ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਕਾਰਜਸਾਧਕ ਅਫਸਰ ਸ਼੍ਰੀ ਵਿਸ਼ਾਲਦੀਪ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮੋਗਾ ਬਾਈ ਪਾਸ ਵਿਖੇ ਕੂੜਾ ਡੰਪ ਕਰਨ ਵਾਲੀ ਸਾਈਟ ਦਾ ਦੌਰਾ ਕੀਤਾ ਜਿੱਥੇ ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦਾਣਾ ਮੰਡੀ ਬਰਨਾਲਾ ਵਿਖੇ ਲੱਗੇ ਕੁੜੇ ਦੇ ਢੇਰ ਨੂੰ ਸੋਧਣ ਦਾ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਇਹ ਕੰਮ ਮੋਗਾ ਬਾਈ ਪਾਸ ਸਾਈਟ ਵਿਖੇ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਕਾਉਂਸਿਲ ਬਰਨਾਲਾ ਦੀ ਸੈਨੀਟੇਸ਼ਨ ਸ਼ਾਖਾ ਵਿਖੇ ਚੱਲ ਰਹੇ ਐਮ ਆਰ ਐੱਫ ਕੇਂਦਰ, ਜਿੱਥੇ ਸ਼ਹਿਰ ਦੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਕੇ ਵਰਤੋਂ ਵਿਚ ਲਿਆਇਆ ਜਾਂਦਾ ਹੈ, ਦਾ ਵੀ ਦੌਰਾ ਕੀਤਾ। ਉਨ੍ਹਾਂ ਹੁਕਮ ਦਿੱਤੇ ਕਿ ਗਿੱਲੇ ਕੁੜੇ ਦੀ ਖਾਦ ਅਤੇ ਸੁੱਕਾ ਕੂੜਾ ਕੈਟਾਗਰੀ ਅਨੁਸਾਰ ਨਜਿੱਠਿਆ ਜਾਵੇ। ਉਨ੍ਹਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਕੇਵਲ ਨਗਰ ਕਾਉਂਸਿਲ ਵੱਲੋਂ ਤੈਨਾਤ ਸਫਾਈ ਸੇਵਕਾਂ ਨੂੰ ਹੀ ਦੇਣ ਅਤੇ ਸੜਕ ਉੱਤੇ ਨਾ ਸੁੱਟਣ।