ਡੀ.ਏ.ਪੀ. ਦੀ ਬਜਾਏ ਹੋਰ ਖਾਦਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣ ਕਿਸਾਨ: ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 12 ਨਵੰਬਰ 2024 : ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਸਰ੍ਹੋਂ, ਕਣਕ, ਛੋਲਿਆਂ ਆਦਿ ਦੀ ਬਿਜਾਈ ਕਰ ਰਹੇ ਹਨ, ਅਜਿਹੀ ਸਥਿਤੀ ਵਿੱਚ ਕਿਸਾਨ ਡੀ.ਏ.ਪੀ. ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ, ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਦੀ ਵਰਤੋਂ ਕਰਨ। ਇਸ ਤਰ੍ਹਾਂ ਨਾਲ ਜਿੱਥੇ ਕਿਸਾਨਾਂ ਦੇ ਖਰਚੇ ਘਟਣਗੇ ਉਥੇ ਹੀ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਸਾਂਝੀ ਕੀਤੀ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਲਈ ਡੀ.ਏ.ਪੀ. ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐਸਐਸਪੀ), ਡਬਲ ਸੁਪਰ ਫਾਸਫੇਟ (ਡੀਐਸਪੀ), ਟ੍ਰਿਪਲ ਸੁਪਰ ਫਾਸਫੇਟ (ਟੀਐਸਪੀ), ਨਾਈਟਰੋਫਾਸਫੇਟ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਨਾਲ ਲਾਗਤ ਵੀ ਘਟੇਗੀ, ਉਤਪਾਦਨ ਵੀ ਚੰਗਾ ਹੋਵੇਗਾ ਅਤੇ ਫ਼ਸਲ ਦੀ ਗੁਣਵੱਤਾ ਵੀ ਚੰਗੀ ਰਹੇਗੀ, ਸਿੰਗਲ ਸੁਪਰ ਫਾਸਫੇਟ, ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ, ਫਾਸਫੋਰਸ ਭਰਪੂਰ ਖਾਦਾਂ ਹਨ, ਸਿੰਗਲ ਸੁਪਰ ਫਾਸਫੇਟ ਵਿਚ  16 ਫੀਸਦੀ ਫਾਸਫੇਟ, 12 ਫੀਸਦੀ ਸਲਫਰ ਅਤੇ 18 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਡਬਲ ਸੁਪਰ ਫਾਸਫੇਟ ਵਿਚ ਵਿੱਚ 32 ਪ੍ਰਤੀਸ਼ਤ ਫਾਸਫੋਰਸ, ਟ੍ਰਿਪਲ ਸੁਪਰ ਫਾਸਫੇਟ 48 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ ਅਤੇ , 1-2 ਪ੍ਰਤੀਸ਼ਤ ਸਲਫਰ ਅਤੇ 12-16 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਇਸੇ ਤਰਾਂ ਨਾਈਟਰੋਫਾਸਫੇਟ ਵਿੱਚ 23 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੇ ਮੁਕਾਬਲੇ ਸਿੰਗਲ ਸੁਪਰ ਫਾਸਫੇਟ, ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਖਾਦ ਬਾਜ਼ਾਰ 'ਚ ਆਸਾਨੀ ਨਾਲ ਉਪਲਬਧ ਹਨ। ਡੀ.ਏ.ਪੀ. ਦੇ ਹਰ ਥੈਲੇ ਵਿੱਚ 23 ਕਿਲੋ ਫਾਸਫੋਰਸ ਅਤੇ 9 ਕਿਲੋ ਨਾਈਟ੍ਰੋਜਨ ਹੁੰਦਾ ਹੈ। ਜੇਕਰ ਡੀ.ਏ.ਪੀ. ਦੇ ਬਦਲ ਵਜੋਂ 3 ਥੈਲੇ ਸਿੰਗਲ ਸੁਪਰ ਫਾਸਫੇਟ, 2 ਥੈਲੇ ਡਬਲ ਸੁਪਰ ਫਾਸਫੇਟ, 1 ਬੈਗ ਟ੍ਰਿਪਲ ਸੁਪਰ ਫਾਸਫੇਟ, 2.5 ਥੈਲੇ ਨਾਈਟ੍ਰੋਫਾਸਫੇਟ ਅਤੇ 1 ਬੈਗ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਡੀ.ਏ.ਪੀ. ਦੇ ਦੇ ਬਰਾਬਰ ਹੀ ਫਸਲਾਂ ਦਾ ਵਿਕਾਸ ਤੇ ਵਾਧਾ ਹੋਵੇਗਾ। ਖੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਹਾੜੀ ਦੀਆਂ ਆਉਣ ਵਾਲੀਆਂ ਫ਼ਸਲਾਂ ਜਿਵੇਂ ਸਰ੍ਹੋਂ, ਕਣਕ, ਛੋਲੇ ਆਦਿ ਵਿੱਚ ਡੀ.ਏ.ਪੀ. ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐਸਐਸਪੀ) ਖਾਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ ਦੀ ਬਜਾਏ 3 ਥੈਲੇ ਐੱਸ.ਐੱਸ.ਪੀ ਅਤੇ 1 ਥੈਲਾ ਯੂਰੀਆ ਦੀ ਵਰਤੋਂ ਕਰਨ ਨਾਲ ਵਧੇਰੇ ਨਾਈਟ੍ਰੋਜਨ, ਕੈਲਸ਼ੀਅਮ ਅਤੇ ਫਾਸਫੋਰਸ ਮਿਲਦਾ ਹੈ। ਜਦੋਂ ਕਿ ਫਸਲਾਂ ਨੂੰ ਡੀਏਪੀ ਦੇ 1 ਥੈਲੇ ਤੋਂ ਸਿਰਫ 9 ਕਿਲੋ ਨਾਈਟ੍ਰੋਜਨ ਅਤੇ 23 ਕਿਲੋ ਫਾਸਫੋਰਸ ਮਿਲਦਾ ਹੈ। ਜਦ ਕਿ ਜੇਕਰ ਸਿੰਗਲ ਸੁਪਰ ਫਾਸਫੇਟ ਇਸਤੇਮਾਲ ਕੀਤਾ ਜਾਵੇ ਤਾਂ ਇਹ ਵਾਧੂ 12 ਕਿਲੋ ਗੰਧਕ ਪ੍ਰਦਾਨ ਕਰਦਾ ਹੈ ਜੋ ਸਰ੍ਹੋਂ ਵਿੱਚ ਤੇਲ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਝਾੜ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ, ਗੰਧਕ ਫਸਲ ਵਿੱਚ ਵਧੇਰੇ ਪ੍ਰੋਟੀਨ ਅਤੇ ਵਿਟਾਮਿਨ ਵੀ ਪ੍ਰਦਾਨ ਕਰਦਾ ਹੈ ਜੋ ਹਾੜੀ ਦੀ ਫਸਲ ਲਈ ਜ਼ਰੂਰੀ ਹਨ। ਇਸ ਤਰ੍ਹਾਂ ਡੀਏਪੀ ਦੀ ਬਜਾਏ ਐਸਐਸਪੀ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ।