
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ 2024 : ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮੇਲਾ ਮਾਘੀ ਦੇ ਸਬੰਧੀ ਸ਼ਹਿਰ ਵਿੱਚ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਥਾਵਾਂ ਦੀ ਸਾਫ਼-ਸਫ਼ਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਵੱਲੋਂ ਮੇਲਾ ਮਾਘੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਇਸ ਪਵਿੱਤਰ ਤੇ ਇਤਿਹਾਸਕ ਮੇਲੇ ਦੌਰਾਨ ਦੂਰ-ਦੁਰਾਡੇ ਇਲਾਕਿਆਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਲਈ ਸਾਰੇ ਵਿਭਾਗਾਂ ਵੱਲੋਂ ਇਸ ਮੇਲੇ ਦੌਰਾਨ ਆਪਣੀਆਂ ਡਿਉਟੀਆਂ ਨੂੰ ਬਾਖ਼ੂਬੀ ਨਿਭਾਇਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਮੇਲਾ ਮਾਘੀ ਦੇ ਮੱਦੇਨਜ਼ਰ ਆਰਜ਼ੀ ਪੁਲਿਸ ਲਾਈਨ ਸਥਾਪਿਤ ਕਰਨ ਲਈ ਸ਼ਹਿਰ ਵਿੱਚ ਸਕੂਲ ਅਲਾਟ ਕਰਨ, ਪੁਲਿਸ ਫੋਰਸ ਦੇ ਠਹਿਰਾਓ ਲਈ ਸਕੂਲ ਖਾਲੀ ਕਰਵਾਉਣ, ਮਹੱਤਵਪੂਰਨ ਥਾਵਾ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਗੋਤਾਖ਼ੋਰਾਂ ਦਾ ਪ੍ਰਬੰਧ ਕਰਨ, ਟਰੋਮਾ ਸੈਂਟਰ/ਰੈਫਰਲ ਹਸਪਤਾਲ ਦੀ ਚੋਣ ਕਰਨ, ਮੇਲਾ ਗਰਾਉਂਡ ਵਿੱਚ ਲਗਾਏ ਜਾ ਰਹੇ ਝੂਲਿਆਂ ਆਦਿ ਦੇ ਸੁਰੱਖਿਅਤ ਹੋਣ ਸਬੰਧੀ ਅਤੇ ਬਿਜਲੀ ਦੀਆਂ ਤਾਰਾਂ ਦੀ ਫਿਟਿੰਗ ਬਾਰੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਕਰਕੇ ਸਰਟੀਫ਼ਿਕੇਟ ਭੇਜਣ ਬਾਰੇ, ਸੁਰੱਖਿਆ ਦੇ ਮੱਦੇਨਜ਼ਰ ਲਗਾਏ ਜਾ ਰਹੇ ਵੱਖ-ਵੱਖ ਨਾਕਿਆਂ ’ਤੇ ਲਾਈਟਾਂ, ਕੁਰਸੀਆਂ, ਮੇਜਾਂ ਆਦਿ ਦਾ ਪ੍ਰਬੰਧ ਕਰਨ ਅਤੇ ਐਂਮਰਜੈਂਸੀ ਦੇ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲ ਵਿਖੇ ਵਾਰਡ/ਬੈੱਡ ਰਾਖਵੇਂ ਰੱਖੇ ਜਾਣ ਅਤੇ ਢੁੱਕਵਾਂ ਸਟਾਫ਼ ਤਾਇਨਾਤ ਕਰਨ ਤੋਂ ਇਲਾਵਾ ਹੋਰ ਵੱਖ-ਵੱਖ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਲੜੀ ਤਹਿਤ ਮਨਰੇਗਾ ਟੀਮਾਂ ਵੱਲੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੀਆਂ ਸੜਕਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਜਨ ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਮਲੋਟ ਰੋਡ, ਨਾਕਾ ਨੰ. 3 ਅਤੇ 4, ਨੇੜੇ ਮੰਗੇ ਦਾ ਪੈਟਰੋਲ ਪੰਪ, ਗਾਂਧੀ ਚੌਂਕ, ਕੋਟਕਪੂਰਾ ਰੋਡ, ਬਠਿੰਡਾ ਰੋਡ ਆਦਿ ਥਾਵਾਂ ’ਤੇ ਸੀਵਰੇਜ਼ ਦੀ ਅਤੇ ਸ਼ਹਿਰ ਦੇ ਸਵਾਗਤੀ ਗੇਟਾਂ ਦੀ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸਮੂਹ ਵਿਭਾਗਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਵਿੱਚ ਸਹਿਯੋਗ ਕਰਨ ਤਾਂ ਜੋ ਮਾਘੀ ਤੋਂ ਪਹਿਲਾਂ ਇਸ ਪਵਿੱਤਰ ਸ਼ਹਿਰ ਨੂੰ ਹੋਰ ਵੀ ਸਾਫ ਸੁਥਰਾ ਕੀਤਾ ਜਾ ਸਕੇ ਅਤੇ ਰੇੜੀ-ਫੜ੍ਹੀ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਆਪਣਾ ਨਜਾਇਜ਼ ਸਮਾਨ ਸੜਕ ’ਤੇ ਰੱਖ ਕੇ ਆਵਾਜਾਈ ਦੇ ਰਸਤਿਆਂ ਵਿੱਚ ਵਿਘਨ ਨਾ ਪਾਇਆ ਜਾਵੇ।