ਉਤਪਾਦਾਂ ਦੇ ਮਿਆਰ ਸਬੰਧੀ ਸ਼ਿਕਾਇਤ ਬੀ ਆਈ ਐੱਸ ਕੇਅਰ ਐਪ ਰਾਹੀਂ ਕਰਵਾਈ ਜਾ ਸਕਦੀ ਹੈ ਦਰਜ: ਵਧੀਕ ਡਿਪਟੀ ਕਮਿਸ਼ਨਰ

  • ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਵਲੋਂ ਵਿਭਾਗਾਂ ਦਾ ਸਿਖਲਾਈ ਪ੍ਰੋਗਰਾਮ
  • ਗਹਿਣਿਆਂ ਦੀ ਖਰੀਦ ਵੇਲੇ ਬੀ ਆਈ ਐੱਸ ਲੋਗੋ, ਸ਼ੁੱਧਤਾ ਤੇ ਯੂਨੀਕ ਹਰਲਮਾਰਕਿੰਗ ਆਈ ਡੀ ਦਾ ਰੱਖਿਆ ਜਾਵੇ ਖਿਆਲ

ਬਰਨਾਲਾ, 4 ਦਸੰਬਰ 2024 : ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.) ਚੰਡੀਗੜ੍ਹ ਸ਼ਾਖਾ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਉਤਪਾਦਾਂ ਦੇ ਮਿਆਰ, ਹਾਲਮਾਰਕ, ਆਈਐੱਸਆਈ ਆਦਿ ਬਾਰੇ ਸਿਖਲਾਈ ਪ੍ਰੋਗਰਾਮ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਕਰਾਇਆ ਗਿਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਇਸ ਮੌਕੇ ਸ੍ਰੀ ਕੁਸ਼ਾਗਰ ਜਿੰਦਲ ਡਿਪਟੀ ਡਾਇਰੈਕਟਰ ਸੀ.ਐਚ.ਬੀ.ਓ ਅਤੇ ਡੀ. ਸੁਖਵੀਰ ਸਿੰਘ ਸੰਯੁਕਤ ਡਾਇਰੈਕਟਰ ਨੇ ਵਰਕਸ਼ਾਪ ਦੇ ਉਦੇਸ਼ ਬਾਰੇ ਦੱਸਿਆ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਵਿਭਾਗਾਂ ਵਿੱਚ ਸਮਾਨ ਦੀ ਖਰੀਦ ਲਈ ਬੀ.ਆਈ.ਐਸ. ਪ੍ਰਮਾਣਿਤ ਉਤਪਾਦਾਂ ਦੀ ਹੀ ਖਰੀਦ 'ਤੇ ਜ਼ੋਰ ਦਿੱਤਾ। ਉਨ੍ਹਾਂ ਬੀ.ਆਈ.ਐਸ. ਸਰਟੀਫੀਕੇਸ਼ਨ ਲਈ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਕੁਆਲਿਟੀ ਕੰਟਰੋਲ ਆਰਡਰ (QCO) ਬਾਰੇ ਜਾਣੂ ਕਰਵਾਇਆ ਜਿਨ੍ਹਾਂ ਅਨੁਸਾਰ ਕੋਈ ਵੀ ਬੀ ਆਈ ਐੱਸ ਤੋਂ ਲਾਇਸੰਸ ਤੋਂ ਬਿਨਾਂ ਇਹਨਾਂ ਦੇ ਅਧੀਨ ਆਉਣ ਵਾਲੇ ਉਤਪਾਦਾਂ ਦਾ ਨਿਰਮਾਣ, ਦਰਾਮਦ , ਵੇਚ, ਸਟੋਰ ਆਦਿ ਨਹੀਂ ਕਰ ਸਕਦਾ। ਸ੍ਰੀ ਕੁਸ਼ਾਗਰ ਜਿੰਦਲ ਨੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਆਨਲਾਈਨ ਸੇਵਾਵਾਂ ਬਾਰੇ ਜਾਣੂ ਕਰਵਾਇਆ ਜੋ ਬੀਆਈਐਸ ਵੈਬਸਾਈਟ, ਈ-ਬੀਆਈਐਸ ਪੋਰਟਲ ਰਾਹੀਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਬੀਆਈਐੱਸ ਕੇਅਰ ਐਪ ਵੀ ਹੈ। ਐਪ ਰਾਹੀਂ ਕਿਸੇ ਉਤਪਾਦ ਦਾ ਮਿਆਰ ਨਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਹਿਣਿਆਂ ਦੀ ਖਰੀਦ ਵੇਲੇ ਬੀ ਆਈ ਐੱਸ ਲੋਗੋ, ਸ਼ੁੱਧਤਾ ਜਿਵੇਂ ਕਿ 24 ਕੈਰੇਟ ਜਾਂ 22 ਕੈਰੇਟ ਆਦਿ ਲਿਖਿਆ ਹੋਣਾ ਤੇ ਯੂਨੀਕ ਹਰਲਮਾਰਕਿੰਗ ਆਈ ਡੀ ਦਾ ਖਿਆਲ ਰੱਖਿਆ ਜਾਵੇ। ਇਹ ਤਿੰਨੇ ਗਹਿਣੇ 'ਤੇ ਉਕਰੇ ਹੋਣੇ ਚਾਹੀਦੇ ਹਨ। ਇਸ ਮੌਕੇ ਸੁਖਵੀਰ ਸਿੰਘ ਸੰਯੁਕਤ ਡਾਇਰੈਕਟਰ ਬੀ.ਆਈ.ਐਸ ਨੇ ਸਰਵਿਸ ਮੈਨੇਜਮੈਂਟ ਸਿਸਟਮ ਬਾਰੇ ਪ੍ਰੇਸੈਂਨਟੇਸ਼ਨ ਦਿੱਤੀ। ਉਨ੍ਹਾਂ ਪੀ.ਡਬਲਯੂ.ਡੀ., ਪੰਚਾਇਤੀ ਰਾਜ, ਸਿੰਚਾਈ, ਸਿਹਤ ਖੇਤਰ, ਉਦਯੋਗ, ਖੇਤੀਬਾੜੀ, ਇਸਤਰੀ ਅਤੇ ਬਾਲ ਵਿਕਾਸ ਦਫ਼ਤਰ ਨਾਲ ਸਬੰਧਤ ਮਹੱਤਵਪੂਰਨ ਮਿਆਰਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਵੱਖ ਵੱਖ ਵਿਭਾਗਾਂ ਦੇ ਕਰੀਬ 70 ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ।