ਫਰੀਦਕੋਟ : ਡੂੰਘੇ ਅਤੇ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਪ੍ਰਤੀ ਚਿੰਤਤ ਰਹਿਣ ਵਾਲੀ ਸ਼ਖਸ਼ੀਅਤ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਪੰਜਾਬ ਭਰ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਨ ਜਾ ਰਹੀ ਹੈ, ਕਿਉਂਕਿ ਪਾਣੀ ਤੋਂ ਬਿਨਾਂ, ਸੁੱਕੇ ਖੇਤ ਵਿੱਚ ਸੁਹਾਗਾ ਮਾਰ ਕੇ, ਬਿਨਾਂ ਕੱਦੂ ਕੀਤਿਆਂ ਝੋਨਾ ਲਾ ਕੇ ਰਿਸਕ ਲੈਣ ਵਾਲੇ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਝੋਨੇ ਦਾ ਝਾੜ ਵੀ ਪੂਰਾ ਉੱਤਰਦਾ ਦਿਖਾਈ ਦੇ ਰਿਹਾ ਹੈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿਲੇ ਦੇ ਪਿੰਡ ਚੰਦਬਾਜਾ ਵਿਖੇ ਗੁਰਪ੍ਰੀਤ ਸਿੰਘ ਦੇ ਖੇਤਾਂ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਖੁਦ ਪਹੁੰਚ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਜਿਹੇ ਕਿਸਾਨਾਂ ਦੀ ਸਰਕਾਰ ਬਾਂਹ ਜਰੂਰ ਫੜੇਗੀ, ਕਿਉਂਕਿ ਸ. ਚੰਦਬਾਜਾ ਅਤੇ ਇਨ੍ਹਾਂ ਦੇ ਅਨੇਕਾਂ ਸਾਥੀ ਕਿਸਾਨਾਂ ਨੇ ਪਿਛਲੇ 8 ਜਾਂ ਇਸ ਤੋਂ ਵੀ ਜਿਆਦਾ ਸਾਲਾਂ ਤੋਂ ਪਰਾਲੀ, ਨਾੜ ਜਾਂ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਈ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਇਸ ਨਾਲ ਪਾਣੀ ਦੀ ਬੱਚਤ, ਰੀਚਾਰਜਿੰਗ, ਸਮੇਂ ਦੀ ਬੱਚਤ, ਮਹਿਜ ਤਿੰਨ ਮਹੀਨਿਆਂ ਵਿੱਚ ਕਟਾਈ ਸੰਭਵ (14 ਜੁਲਾਈ ਨੂੰ ਬਿਜਾਈ ਅਤੇ 14 ਅਕਤੂਬਰ ਨੂੰ ਕਟਾਈ), ਮਿੱਤਰ ਕੀੜਿਆਂ ਵਿੱਚ ਵਾਧਾ ਵਰਗੇ ਫਾਇਦਿਆਂ ਦਾ ਜਿਕਰ ਕੀਤਾ। ਸ੍ਰ ਚੰਦਬਾਜਾ ਨੇ ਦੱਸਿਆ ਕਿ ਉਨ੍ਹਾਂ ਕਰੀਬ 10 ਸਾਲ ਪਹਿਲਾਂ ਪੰਜਾਬ ਭਰ ਵਿੱਚੋਂ ਪਰਾਲੀ ਅਤੇ ਨਾੜ ਨੂੰ ਅੱਗ ਨਾ ਲਾਉਣ ਵਾਲੇ 50 ਕਿਸਾਨਾਂ ਦੀ ਚੋਣ ਕਰਕੇ ਸੁਸਾਇਟੀ ਵਲੋਂ ਉਨ੍ਹਾ ਦਾ ਸਨਮਾਨ ਕੀਤਾ ਸੀ ਤੇ ਬਾਅਦ ਵਿੱਚ ਉਹੀ ਕਿਸਾਨ ਸਾਡੇ ਲਈ ਪ੍ਰੇਰਨਾ ਸਰੋਤ ਬਣੇ, ਕਿਉਂਕਿ ਉਸ ਤੋਂ ਉਸ ਨੇ ਲਗਾਤਾਰ 8 ਸਾਲ ਤੋਂ ਨਾੜ ਜਾਂ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਇਸ ਨਾਲ ਫਸਲ ਦੇ ਝਾੜ ਵਿੱਚ ਵੀ ਕੋਈ ਕਮੀ ਨਹੀਂ ਆਈ। ਡਾ. ਯਾਦਵਿੰਦਰ ਸਿੰਘ ਏ.ਡੀ.ਓ, ਰਾਮ ਸਿੰਘ ਬਲਾਕ ਅਫਸਰ ਅਤੇ ਦਵਿੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਜਿਸ ਤਰਾਂ ਸ. ਚੰਦਬਾਜਾ ਨੇ ਰੋਟਾਵੇਟਰ, ਹੈਪੀ ਸੀਡਰ, ਸੁਪਰ ਸੀਡਰ ਵਰਗੀ ਹਰ ਨਵੀਂ ਤਕਨੀਕ ਅਪਣਾਈ ਅਤੇ ਕਾਮਯਾਬੀ ਹਾਸਲ ਕੀਤੀ, ਹੁਣ ਸ. ਚੰਦਬਾਜਾ ਨੇ ਨਵੀ ਤਕਨੀਕ ਮਲਚਰ ਵੀ ਅਪਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਖੇਤੀਬਾੜੀ ਵਿਭਾਗ ਵਲੋਂ ਬਕਾਇਦਾ ਸੈਮੀਨਾਰ ਕਰਕੇ ਕਿਸਾਨਾ ਨੂੰ ਨਵੀਆਂ ਤੋਂ ਨਵੀਆਂ ਤਕਨੀਕਾਂ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ। ਪਿੰਡ ਚੰਦਬਾਜਾ ਦੇ ਦੋ ਹੋਰ ਕਿਸਾਨਾਂ ਰਾਜੂ ਸਿੰਘ ਬੁੱਟਰ ਅਤੇ ਗੁਰਬਾਜ ਸਿੰਘ ਬਰਾੜ ਨੇ ਵੀ ਇਹੀ ਤਕਨੀਕ ਅਪਣਾਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਅਜੇ ਵੀ ਅਸੀਂ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਮਾਫ ਨਹੀਂ ਕਰਨਗੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਬੱਬੂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਵਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਜਗਤਾਰ ਸਿੰਘ ਜੱਗਾ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਵੀ ਹਾਜ਼ਰ ਸਨ।