
ਬਰਨਾਲਾ, 3 ਮਈ 2025 : ਸ੍ਰੀ ਟੀ. ਬੈਨਿਥ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਾਈ ਐਸ ਸਕੂਲ, ਹੰਡਿਆਇਆ ਅਤੇੇ ਮਦਰ ਟੀਚਰ ਸਕੂਲ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 52 ਦੇ ਕਰੀਬ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਵਿਚ ਵਾਈ ਐਸ ਸਕੂਲ ਦੀਆਂ 14 ਬੱਸਾਂ ਦੇ ਚਲਾਨ ਕੱਟੇ ਗਏ ਜੋ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਢੁੱਕਵੀਆਂ ਨਹੀਂ ਸਨ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਗੁਰਜੀਤ ਕੌਰ ਨੇ ਦੱਸਿਆ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਅਨੁਸਾਰ ਹਰ ਸਕੂਲੀ ਵੈਨ ਵਿਚ ਸੀ.ਸੀ.ਟੀ.ਵੀ ਕੈਮਰਾ, ਖਿੜਕੀ 'ਤੇ ਲੋਹੇ ਦੀ ਗਰਿੱਲ, ਮੁਢੱਲੀ ਸਹਾਇਤਾ ਬਾਕਸ, ਮਹਿਲਾ ਕਡੰਕਟਰ, ਅੱਗ ਬੁਝਾਊ ਯੰਤਰ, ਲਾਇਸੈਂਸ, ਹੋਣਾ ਲਾਜ਼ਮੀ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਸਕੂਲ ਬੱਸ ਵਿਚ ਲੋੜ ਤੋਂ ਵੱਧ ਬੱਚੇ ਨਹੀਂ ਬੈਠੇ ਹੋਣੇ ਚਾਹੀਦੇ ਅਤੇ ਹਰ ਡਰਾਇਵਰ ਹਦਾਇਤਾਂ ਅਨੁਸਾਰ ਵਰਦੀ ਵਿਚ ਹੋਣਾ ਚਾਹੀਦਾ ਹੈ। ਕੋਈ ਵੀ ਡਰਾਇਵਰ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਵੈਨ ਨਹੀਂ ਚਲਾਏਗਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਮੁਤਾਬਿਕ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਸ੍ਰੀ ਰੁਪਿੰਦਰ ਸਿੰਘ ਬਾਲ ਸਰੁੱਖਿਆ ਅਫ਼ਸਰ, ਮੈਡਮ ਪ੍ਰਿਤਪਾਲ ਕੋਰ, ਸ੍ਰੀ ਬਲਵਿੰਦਰ ਸਿੰਘ, ਟਰੈਫਿਕ ਵਿਭਾਗ ਤੋਂ ਗੁਰਚਰਨ ਸਿੰਘ ਸ਼ਾਮਿਲ ਸਨ।