ਸੁਧਾਰ, 27 ਅਕਤੂਬਰ 2024 : ਥਾਣਾ ਸੁਧਾਰ ਦੀ ਪੁਲਿਸ ਨੇ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਪੁਲਿਸ ਨੇ ਐਨਆਰਆਈ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਗੁਰਪ੍ਰੀਤ ਕੌਰ ਅਤੇ ਉਸ ਦੇ ਸਾਥੀਆਂ ਸਮੇਤ 7 ਖਿਲਾਫ ਇਹ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਉਹਨਾਂ ਨੇ ਬਜ਼ੁਰਗ ਪ੍ਰਵਾਸੀ ਨਛੱਤਰ ਸਿੰਘ ਦੇ ਘਰ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਵਿਧਾਇਕ ਪਠਾਣ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਨਾਲ ਪਰਿਵਾਰਕ ਸਬੰਧ ਹੋਣ ਕਾਰਨ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਨੇ ਸੁਧਾਰ ਦੇ ਘੁਮਾਣ ਚੌਕ ਸਥਿਤ ਕਰੋੜਾਂ ਰੁਪਏ ਦੇ ਮਕਾਨ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁਲਜ਼ਮਾਂ ਨੇ ਮਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਦੱਸ ਦੇਈਏ ਕਿ ਇਸ ਮਾਮਲੇ 'ਚ ਵਿਧਾਇਕ ਪਠਾਣ ਮਾਜਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਗੁਰਪ੍ਰੀਤ ਕੌਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੀ 20 ਅਗਸਤ ਨੂੰ ਗੁਰਪ੍ਰੀਤ ਕੌਰ ਗੁਰੀ ਨੇ ਉਕਤ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਖ਼ਿਲਾਫ਼ ਸਰੀਰਕ ਛੇੜਛਾੜ ਦਾ ਕੇਸ ਵੀ ਦਰਜ ਕਰਵਾਇਆ ਸੀ। ਹਾਲਾਂਕਿ ਇਸ ਮਾਮਲੇ ਵਿੱਚ ਐਨਆਰਆਈ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ । ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਜਗਪਾਲ ਨੇ ਕੈਨੇਡਾ ਦੇ ਮਿਸੀਸਾਗਾ ਤੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਮੁਖੀ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਈਮੇਲ ਭੇਜ ਕੇ ਮਕਾਨ 'ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।