ਬਰਨਾਲਾ (ਭੁਪਿੰਦਰ ਧਨੇਰ) : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ 'ਚ ਰਾਜ-ਭਵਨ ਵੱਲ ਕੀਤੇ ਜਾਣ ਵਾਲੇ ਰੋਸ-ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪਿੰਡ ਕਿਲ੍ਹਾ ਭਰੀਆਂ 'ਚ ਜਿਲ੍ਹਾ-ਕਮੇਟੀ ਦੇ ਹੋਏ ਇਜਲਾਸ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਦਰਸ਼ਨ ਸਿੰਘ ਰਾਏਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ-ਅੰਦੋਲਨ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਅਸਲੀ ਭਾਈਚਾਰਕ ਸਾਂਝ ਹੱਕੀ ਸੰਘਰਸ਼ਾਂ ਵਿਚੋਂ ਪੈਦਾ ਹੁੰਦੀ ਹੈ। ਇਸ ਅੰਦੋਲਨ ਨੇ ਮੌਜੂਦਾ ਕੇਂਦਰ ਸਰਕਾਰ ਵੱਲੋਂ ਫੁੱਟ ਪਾਉਣ ਦੀ ਹਰ ਚਾਲ ਨੂੰ ਮਾਤ ਦਿੱਤੀ ਹੈ। ਵੱਡੇ ਅੰਦੋਲਨਾਂ ਅੰਦਰ ਲੋਕਾਂ ਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਇਸ ਅੰਦੋਲਨ ਦੌਰਾਨ ਵੀ ਕਿਸਾਨਾਂ ਨੂੰ ਹਾੜ੍ਹ-ਜੇਠ ਦੀਆਂ ਕੜਕੀਆਂ ਧੁੱਪਾਂ, ਮੌਨਸੂਨ ਦੀਆਂ ਬਾਰਸ਼ਾਂ, ਝੱਖੜ ਅਤੇ ਹਨੇਰੀਆਂ ਝੱਲਣੀਆਂ ਪਈਆਂ ਹਨ। ਕਿਸਾਨਾਂ ਅਤੇ ਹੋਰ ਲੋਕਾਂ ਨੂੰ ਆਪਣੇ ਕੰਮ-ਕਾਰਾਂ ਦਾ ਵੱਡਾ ਹਰਜਾ ਝੱਲਣਾ ਪਿਆ ਹੈ। ਇਸ ਅੰਦੋਲਨ ਵਿਚ 700 ਤੋ ਵੱਧ ਕਿਸਾਨਾਂ ਨੂੰ ਜਾਨਾਂ ਹੂਲਣੀਆਂ ਪਈਆਂ ਹਨ। ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਲੰਬਾ ਸੰਘਰਸ਼ ਕਰਦਿਆਂ ਕਿਸਾਨਾਂ ਨੇ ਕਾਲੇ ਕਨੂੰਨ ਰੱਦ ਕਰਵਾਏ ਗਏ ਤੇ ਮੋਰਚੇ ਨਾਲ ਸਬੰਧਤ ਮੰਗਾ ਮੰਨਣ ਅਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਦਾ ਕਨੂੰਨ ਬਣਾਉਣ ਦੀ ਮੰਗ ਦਾ ਲਿਖਤੀ ਭਰੋਸਾ ਸਰਕਾਰ ਵੱਲੋਂ ਦੇਣ ਉਪਰੰਤ ਹੀ ਦਿੱਲੀ ਮੋਰਚਾ ਮੁਲਤਵੀ ਕੀਤਾ ਗਿਆ ਸੀ, ਪ੍ਰੰਤੂ ਹਾਲੇ ਤੱਕ ਐਮਐਸਪੀ ਲਈ ਕਾਨੂੰਨ ਨਹੀਂ ਬਣਿਆ ਤੇ ਨਾ ਹੀ ਅੰਦੋਲਨ ਦੌਰਾਨ ਕਿਸਾਨਾਂ ਤੇ ਬਣਾਏ ਝੂਠੇ ਪੁਲਸ ਕੇਸਾਂ ਨੂੰ ਵਾਪਸ ਲਿਆ ਗਿਆ ਲਖਮੀਰਪੁਰ ਖੀਰੀ ਵਿਖੇ ਕਿਸਾਨਾਂ ਤੇ ਗੱਡੀਆਂ ਚੜਾਕੇ ਸ਼ਹੀਦ ਕਰਨ ਦੀ ਸਾਜਿਸ਼ ਘੜਨ ਵਾਲਾ ਕੇਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸਰਾ ਅਜੇ ਤੱਕ ਵੀ ਕੁਰਸੀ ਤੇ ਬਿਰਾਜਮਾਨ ਹੈ। ਇਸ ਲਈ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਏਜੰਸੀਆਂ ਰਾਹੀਂ ਝੋਨੇ ਦੀ ਖਰੀਦ ਬੰਦ ਕਰ ਦਿੱਤੇ ਜਾਣ ਕਾਰਨ ਵਪਾਰੀ ਘੱਟ ਭਾਅ ਤੇ ਦੋਹੇਂ ਹੱਥੀਂ ਲੁੱਟਣ ਤੇ ਆ ਗਏ ਹਨ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਤਿੰਨ ਸੋ ਰੁਪਏ ਤਕ ਦੀ ਪ੍ਰਤੀ ਕੁਇੰਟਲ ਮਾਰ ਝੱਲਣੀ ਪੈ ਰਹੀ ਹੈ।ਉਨਾਂ ਪੰਜਾਬ ਸਰਕਾਰ ਤੋਂ ਸਰਕਾਰੀ ਖਰੀਦ ਦਸ ਦਿਨ ਲਈ ਹੋਰ ਵਧਾਉਣ ਦੀ ਮੰਗ ਕੀਤੀ ਹੈ। ਭੱਟੀਵਾਲ ਨੇ ਕਿਹਾ ਕਿ ਸਹਿਕਾਰੀ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਸਰਕਾਰ ਤੁਰੰਤ ਪਰਵਾਨ ਕਰੇ। ਜਗਮੋਹਨ ਸਿੰਘ ਪਟਿਆਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਨਿਆਂ ਸਬੰਧੀ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਸਰਕਾਰਾਂ ਮੰਗਾਂ ਮੰਨ ਲੈਣ ਤਾਂ ਕਿਸਾਨ ਕਿਉਂ ਮੁਜ਼ਾਹਰੇ ਕਰਨਗੇ? ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਨਵਾ ਮੈਡੀਕਲ ਕਾਲਜ ਨਿਸ਼ਚਿਤ ਸਥਾਨ ਤੇ ਬਣਾਇਆ ਜਾਵੇ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਪਹਿਲੀ ਤਰਜ 'ਤੇ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਰਾਜਪਾਲ-ਭਵਨ ਵੱਲ ਰੋਸ-ਮਾਰਚ ਕੀਤਾ ਜਾ ਰਿਹਾ ਹੈ। ਇਜਲਾਸ ਦੌਰਾਨ ਜਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਸੀਨੀਅਰ ਮੀਤ ਪ੍ਰਧਾਨ ਲੱਖਾ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ, ਪ੍ਰੈੱਸ ਸਕੱਤਰ ਮੱਖਣ ਸਿੰਘ ਅਕਬਰਪੁਰ, ਜਨਰਲ ਸਕੱਤਰ ਕੁਲਦੀਪ ਜੋਸ਼ੀ, ਖਜ਼ਾਨਚੀ ਸਤਨਾਮ ਸਿੰਘ ਕਿਲ੍ਹਾ ਭਰੀਆਂ, ਸਹਾਇਕ ਸਕੱਤਰ ਨੱਥਾ ਸਿੰਘ ਮੰਡੇਰ ਚੁਣੇ ਗਏ। ਇਜਲਾਸ ਦੌਰਾਨ ਬੁੱਧ ਸਿੰਘ, ਬਲਜੀਤ ਸਿੰਘ ਹਸਨਪੁਰ, ਗੁਰਮੇਲ ਸਿੰਘ ਲੌਂਗੋਵਾਲ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਕਰਮ ਸਿੰਘ ਛਾਜਲੀ ਨੇ ਵੀ ਵਿਚਾਰ ਪ੍ਰਗਟਾਏ।