
- ਸਾਈਬਰ ਕ੍ਰਾਈਮ ਤੋਂ ਬਚਾਅ ਲਈ ਲੋਕ 1930 ਨੰਬਰ ‘ਤੇ ਤੁਰੰਤ ਸੰਪਰਕ ਕਰਨ: ਐਸ.ਐਸ.ਪੀ
ਸ੍ਰੀ ਮੁਕਤਸਰ ਸਾਹਿਬ, 13 ਮਈ 2025 : ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੱਡੀ ਗਿਣਤੀ ਵਿੱਚ ਅਜਿਹੀਆਂ ਵੀਡੀਓਜ਼ ਅਤੇ ਲਿੰਕ ਵਾਇਰਲ ਕੀਤੇ ਜਾ ਰਹੇ ਹਨ ਜੋ ਕਿ ਅਧਿਕਾਰਤ ਨਹੀਂ ਹਨ। ਐਸ.ਐਸ.ਪੀ ਨੇ ਦੱਸਿਆ ਕਿ ਕਈ ਸ਼ਰਾਰਤੀ ਅਨਸਰ ਫਰਜੀ ਲਿੰਕਾਂ ਰਾਹੀਂ ਆਮ ਲੋਕਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ। ਇਹ ਲਿੰਕ ਜਦੋਂ ਤੁਸੀਂ ਖੋਲ੍ਹਦੇ ਹੋ ਤਾਂ ਤੁਹਾਡਾ ਮੋਬਾਇਲ ਡਿਵਾਈਸ, ਲੈਪਟਾਪ ਜਾਂ ਕੰਪਿਊਟਰ ਸਾਈਬਰ ਹੈਕਿੰਗ ਦਾ ਸ਼ਿਕਾਰ ਬਣ ਸਕਦਾ ਹੈ। ਤੁਹਾਡੀ ਡਿਵਾਈਸ ਵਿੱਚ ਮੌਜੂਦ ਨਿੱਜੀ ਡਾਟਾ (ਫੋਟੋ, ਡਾਕੂਮੈਂਟ, ਬੈਂਕਿੰਗ ਐਪ ਆਦਿ) ਚੋਰੀ ਕੀਤਾ ਜਾ ਸਕਦਾ ਹੈ। ਤੁਹਾਡੇ ਖਾਤਿਆਂ (UPI, ਬੈਂਕਿੰਗ, ਆਨਲਾਈਨ ਵਾਲਟ) ਤੋਂ ਰਕਮ ਕੱਢੀ ਜਾ ਸਕਦੀ ਹੈ। ਤੁਹਾਡੀ ਡਿਵਾਈਸ ਨੂੰ ਰਿਮੋਟ ਕੰਟਰੋਲ ਰਾਹੀਂ ਹੈਕ ਕਰਕੇ ਅਣਚਾਹੇ ਐਪ ਇੰਸਟਾਲ ਕੀਤੇ ਜਾ ਸਕਦੇ ਹਨ।ਐਸ.ਐਸ.ਪੀ ਨੇ ਲੋਕਾਂ ਨੂੰ ਆਗਾਹ ਕੀਤਾ ਕਿ ਇਨ੍ਹਾਂ ਵੀਡੀਓਜ਼ ਦਾ ਮਕਸਦ ਸਿਰਫ ਲੋਕਾਂ ਨਾਲ ਆਨਲਾਇਨ ਠੱਗੀ ਕਰਨਾ ਜਾਂ ਲੋਕਾ ਦਾ ਡਾਟਾ ਚੋਰੀ ਕਰਨਾ ਹੈ, ਇਹ ਵੀਡੀਓ ਜਾਂ ਮੈਸੇਜ ਜਦੋਂ ਕਿਸੇ ਗੈਰ-ਅਧਿਕਾਰਿਕ ਜਾਂ ਅਣਜਾਣ ਨੰਬਰ ਤੋਂ ਆਉਂਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਰਿਪੋਰਟ ਕਰਨਾ ਅਤੇ ਦੂਜਿਆਂ ਨਾਲ ਸ਼ੇਅਰ ਨਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।
ਐਸ.ਐਸ.ਪੀ ਵੱਲੋਂ ਲੋਕਾਂ ਲਈ ਜਾਰੀ ਕੀਤੀਆਂ ਅਹਿਮ ਹਦਾਇਤਾਂ:
- 1. ਕਦੇ ਵੀ ਕਿਸੇ ਅਣਜਾਣੇ ਲਿੰਕ ਜਾਂ ਵੀਡੀਓ ਨੂੰ ਨਾ ਖੋਲ੍ਹੋ।
- 2. ਕਦੇ ਵੀ ਆਪਣੇ ਬੈਂਕ ਡਿਟੇਲ, OTP ਜਾਂ ਪਾਸਵਰਡ ਕਿਸੇ ਵੀ ਲਿੰਕ ਜਾਂ ਅਣਜਾਣੇ ਵਿਅਕਤੀ ਨਾਲ ਸਾਂਝੇ ਨਾ ਕਰੋ।
- 3. ਆਪਣੀ ਡਿਵਾਈਸ ‘ਚ ਐਂਟੀ-ਵਾਇਰਸ ਅਤੇ ਸਕਿਉਰਟੀ ਐਪਸ ਜਰੂਰ ਇੰਸਟਾਲ ਰੱਖੋ।
- 4. ਅਜਿਹੀ ਕਿਸੇ ਵੀ ਗਤਿਵਿਧੀ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ ਜਾਂ ਸਾਈਬਰ ਸੈੱਲ ਨਾਲ ਸੰਪਰਕ ਕਰੋ।
- 5. ਸਾਈਬਰ ਠੱਗੀ ਹੋਣ ਦੀ ਸਥਿਤੀ ਵਿੱਚ ਤੁਰੰਤ 1930 ਹੈਲਪਲਾਈਨ ਨੰਬਰ ‘ਤੇ ਫ਼ੋਨ ਕਰਕੇ ਆਪਣੀ ਸ਼ਿਕਾਇਤ ਦਰਜ ਕਰੋ।
ਐਸ.ਐਸ.ਪੀ ਨੇ ਕਿਹਾ ਕਿ ਅੱਜ ਦੇ ਜਮਾਨੇ ਵਿੱਚ ਜਿੱਥੇ ਸਹੂਲਤਾਂ ਵਧ ਰਹੀਆਂ ਹਨ, ਉੱਥੇ ਹੀ ਅਪਰਾਧੀਆਂ ਦੇ ਹਥਕੰਡੇ ਵੀ ਨਵੇਂ ਰੂਪ ਵਿੱਚ ਸਾਹਮਣੇ ਆ ਰਹੇ ਹਨ। ਇਨ੍ਹਾਂ ਦੇ ਰੂਪ ਵਿੱਚ ਸਭ ਤੋਂ ਖ਼ਤਰਨਾਕ ਤਰੀਕਾ ਸੋਸ਼ਲ ਮੀਡੀਆ, ਫ਼ਰਜ਼ੀ ਲਿੰਕ ਅਤੇ ਠੱਗੀ ਵਾਲੀਆਂ ਕਾਲਾਂ ਰਾਹੀਂ ਨਿਸ਼ਾਨਾ ਬਣਾਉਣਾ ਬਣ ਗਿਆ ਹੈ। ਇਸ ਲਈ ਜਨਤਾ ਨੂੰ ਅਲਰਟ ਰਹਿਣਾ ਅਤੇ ਆਪਣੀ ਡਿਜ਼ੀਟਲ ਸੁਰੱਖਿਆ ਪ੍ਰਤੀ ਸਾਵਧਾਨ ਹੋਣਾ ਬਹੁਤ ਜ਼ਰੂਰੀ ਹੈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਹਾਜ਼ਰ ਹੈ। ਸਾਈਬਰ ਠੱਗੀ ਅਤੇ ਅਫਵਾਹਾਂ ਤੋਂ ਸਾਵਧਾਨ ਰਹੋ। ਹਰ ਲਿੰਕ, ਹਰ ਮੈਸੇਜ ਜਾਂ ਵੀਡੀਓ ‘ਤੇ ਭਰੋਸਾ ਨਾ ਕਰੋ। ਜੇਕਰ ਤੁਹਾਡੇ ਨਾਲ ਕੋਈ ਠੱਗੀ ਜਾਂ ਸ਼ੱਕੀ ਗਤੀਵਿਧੀ ਹੁੰਦੀ ਹੈ ਤਾਂ ਤੁਸੀਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ਤੇ ਸੰਪਰਕ ਕਰੋ ਜਾਂ ਨਜ਼ਦੀਕੀ ਥਾਣੇ ਵਿੱਚ ਜਾ ਕੇ ਆਪਣੀ ਸ਼ਿਕਾਇਤ ਦਰਜ ਕਰੋ।