ਫਰੀਦਕੋਟ 28 ਨਵੰਬਰ 2024 : ਕਣਕ ਦੀ ਫ਼ਸਲ ਵਿਚ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰਨੀ ਚਾਹੀਦੀ ਅਤੇ ਕਣਕ ਦੀ ਫ਼ਸਲ ਨੂੰ ਯੂਰੀਆ ਦੀ ਪਹਿਲੀ ਕਿਸ਼ਤ 45 ਕਿਲੋ ਪ੍ਰਤੀ ਏਕੜ ਪਹਿਲੇ ਪਾਣੀ ਤੋਂ ਪਹਿਲਾਂ ਛਿੱਟੇ ਨਾਲ ਪਾ ਦੇਣੀ ਚਾਹੀਦੀ ਹੈ। ਪਿੰਡ ਅਰਾਈਆਂਵਾਲਾ ਵਿਚ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿਚ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਦੀ ਵਧੇਰੇ ਪੈਦਾਵਾਰ ਲੈਣ ਵਿਚ ਖਾਦਾਂ ਦੀ ਬਹੁਤ ਮਹੱਤਤਾ ਹੈ ਜਿਸ ਦੀ ਵਰਤੋਂ ਸੰਤੁਲਿਤ ਰੂਪ ਵਿਚ ਕਰਨੀ ਚਾਹੀਦੀ ਹੈ।ਉਨਾਂ ਦੱਸਿਆ ਕਿ ਕਣਕ ਦੀ ਫ਼ਸਲ ਵਿਚ 90 ਕਿਲੋ ਯੂਰੀਆ ਪ੍ਰਤੀ ਏਕੜ ਸਿਫਾਰਸ਼ ਕੀਤੀ ਜਾਂਦੀ ਹੈ । ਜਿਸ ਨੂੰ ਦੋ ਬਰਾਬਰ ਕਿਸ਼ਤਾਂ ਵਿਚ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਯੂਰੀਆ ਦੀ ਪਹਿਲੀ ਕਿਸ਼ਤ ਪਹਿਲੇ ਪਾਣੀ ਤੋਂ ਪਹਿਲਾਂ ਪਾਉਣ ਉਪਰੰਤ ਪਾਣੀ ਲਗਾਉਣਾ ਚਾਹੀਦਾ। ਉਨਾਂ ਕਿਹਾ ਕਿ ਦੂਸਰੀ ਕਿਸ਼ਤ 45 ਕਿਲੋ ਬਿਜਾਈ ਦੇ ਦਿਨਾਂ ਬਾਅਦ ਪਾਉਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਨੈਨੋ ਯੂਰੀਆ ਦਾ ਛਿੜਕਾਅ ਬਿਜਾਈ ਤੋਂ 45 ਦਿਨਾਂ ਬਾਅਦ ਕਰਨਾ ਚਾਹੀਦਾ ਜਦੋਂ ਫ਼ਸਲ ਨਾਲ ਸਾਰਾ ਖੇਤ ਢਕਿਆ ਜਾਵੇ । ਉਨਾਂ ਕਿਹਾ ਕਿ ਜੇਕਰ ਨੈਨੋ ਯੂਰੀਆ ਵਰਤਣੀ ਹੈ ਤਾਂ ਯੂਰੀਆ ਦੀ ਦੂਜੀ ਕਿਸ਼ਤ ਨਹੀਂ ਪਾਉਣੀ ਚਾਹੀਦੀ। ਉਨਾਂ ਕਿਹਾ ਕਿ ਮਿੱਟੀ ਪਰਖ ਪ੍ਰਯੋਗਸ਼ਾਲਾ ਵਿਚ ਮਿੱਟੀ ਦੇ ਨਮੂਨੇ ਪਰਖ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲਾ ਫ਼ਰੀਦਕੋਟ ਦੀ ਜ਼ਮੀਨ ਵਿਚ ਪੋਟਾਸ਼ ਦੀ ਘਾਟ ਹੈ ,ਇਸ ਲਈ ਕਣਕ ਦੀ ਫ਼ਸਲ ਨੂੰ 20 ਕਿਲੋ ਪੋਟਾਸ਼ 60 ਪ੍ਰਤੀਸ਼ਤ ਖਾਦ ਪਾਉਣੀ ਚਾਹੀਦੀ ਅਜਿਹਾ ਕਰਨ ਨਾਲ ਕਣਕ ਦੀ ਫ਼ਸਲ ਵਿਚ ਗਰਮੀ ਸਹਾਰਨ ਦੀ ਸ਼ਕਤੀ ਵਧਦੀ ਹੈ ਅਤੇ ਪੈਦਾਵਾਰ ਵਿਚ ਵੀ ਵਾਧਾ ਹੁੰਦਾ ਹੈ। ਉਨਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿਚ ਮੈਗਨੀਜ ਤੱਤ ਦੀ ਘਾਟ ਆਉਂਦੀ ਹੈ ,ਓਥੇ ਇਕ ਕਿਲੋ ਮੈਗਨੀਜ ਸਲਫੇਟ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਹਲਕੀਆਂ ਜ਼ਮੀਨਾਂ ਵਿਚ ਪਹਿਲੇ ਪਾਣੀ ਤੋਂ ਪਹਿਲਾ ਛਿੜਕਾਅ ਕਰ ਦੇਣਾ ਚਾਹੀਦਾ ,ਜੇਕਰ ਜ਼ਰੂਰਤ ਪਵੇ ਤਾਂ ਇੱਕ ਛਿੜਕਾਅ ਹੋਰ ਕਰ ਦੇਣਾ ਚਾਹੀਦਾ ਅਤੇ ਛਿੜਕਾਅ ਲਈ ਗੋਲ ਮੋਜ਼ਲ ਵਰਤਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਖੇਤ ਦੀ ਮਿੱਟੀ ਕਲਰਾਠੀ ਤਾਂ 25 ਪ੍ਰਤੀਸ਼ਤ ਵਧ ਯੂਰੀਆ ਪਾਉਣੀ ਚਾਹੀਦੀ ਹੈ ਅਤੇ ਜੇਕਰ ਪਿਛਲੇ ਸਾਲਾਂ ਤੋਂ ਲਗਾਤਾਰ ਖੇਤ ਵਿਚ ਪਰਾਲੀ ਦੀ ਸੰਭਾਲ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਤਾਂ 25 ਪ੍ਰਤੀਸ਼ਤ ਯੂਰੀਆ ਘਟਾ ਦੇਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਸੰਭਾਲ ਕੇ ਸੁਪਰ ਸੀਡਰ ਨਾਲ ਬਿਜਾਈ ਕੀਤੀ ਕਣਕ ਵਿਚ ਪੀਲਾਪਨ ਦਿਖਾਈ ਦਿੰਦਾ ਹੈ ਤਾਂ ਘਬਰਾਉਣਾ ਨਹੀਂ ਚਾਹੀਦਾ ਅਤੇ ਪਹਿਲੇ ਪਾਣੀ ਤੋਂ ਪਹਿਲਾਂ 45 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ । ਇਸ ਮੌਕੇ ਉਨਾਂ ਦੇ ਨਾਲ ਡਾ. ਗੁਰਪ੍ਰੀਤ ਸਿੰਘ, ਡਾ. ਸੁਖਦੀਪ ਸਿੰਘ , ਡਾ. ਦਵਿੰਦਰ ਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ।