ਸ੍ਰੀ ਮੁਕਤਸਰ ਸਾਹਿਬ, 8 ਸਤੰਬਰ 2024 : ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਮਰਾੜ੍ਹ ਕਲਾਂ ਵਿਖੇ ਹੋਈ ਅੰਨੇ ਕਤਲ, ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ, ਮ੍ਰਿਤਕ ਲਖਵੀਰ ਸਿੰਘ ਦੇ ਲੜਕੇ ਪਿਆਰਜੀਤ ਸਿੰਘ ਨੇ ਖੁਦ ਹੀ ਰਚੀ ਸੀ ਲੁੱਟ ਦੀ ਝੁਠੀ ਵਾਰਦਾਤ ਅਤੇ ਆਪ ਹੀ ਨਿਕਲਿਆ ਆਪਣੇ ਪਿਤਾ ਦਾ ਕਾਤਲ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ੍ਹ ਨੇ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਵਾਉਣ ਲਈ ਅਲਟੋ ਕਾਰ ਵਿੱਚ ਜਾ ਰਹੇ ਸਨ ਤੇ ਜਦ ਉਹ ਪਿੰਡ ਮਰਾੜ੍ਹ ਕਲਾਂ ਫਾਟਕ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿਤੇ, ਉਸ ਦੇ ਕੰਨ ਤੇ ਪਿਸਤੋਲ ਤਾਨ ਲਿਆ ਜੋ ਉਸ ਦਾ ਮੋਬਾਇਲ ਅਤੇ ਪਰਸ ਖੋਹਣ ਲੱਗੇ ਤੇ ਇਸੇ ਦੌਰਾਨ ਇੱਕ ਨਾ-ਮਾਲੂਮ ਵਿਅਕਤੀ ਵੱਲੋਂ ਉਸ ਦੇ ਪਿਤਾ ਦੇ ਗੱਲ ਵਿੱਚ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਤੇ ਆਪਣੇ ਹਥਿਆਰਾਂ ਸਮੇਤ ਮੋਟਰਸਾਇਕਲ ਤੇ ਸਵਾਰ ਹੋ ਕੇ/ ਮੌਕੇ ਤੋਂ ਫਰਾਰ ਹੋ ਗਏ। ਜਿਸ ਦੇ ਬਿਆਨਾ ਤੇ ਮੁਕੱਦਮਾ ਨੰਬਰ 63 ਅ/ਧ 103(1),304,62,324(3),191(3),190 ਬੀ.ਐਨ.ਐਸ. 25,27/54/59 ਅਸਲਾ ਐਕਟ ਤਹਿਤ ਥਾਣਾ ਬਰੀਵਾਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ, ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਾਰੇ ਪਹਿਲੂਆਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ ਜਿਸ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਹੀ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਆਪਣੀ ਕਹੀ ਦੇ ਦਸਤੇ ਨਾਲ ਆਪਣੀ ਗੱਡੀ ਦੀ ਭੰਨ ਤੋੜ ਕਰਕੇ, ਲੁੱਟ ਦਾ ਝੂਠਾ ਡਰਾਮਾ ਰਚਿਆ ਤੇ ਬਾਅਦ ਵਿੱਚ ਮੁਦਈ ਬਣਕੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਪੁਲਿਸ ਵੱਲੋਂ ਪਿਆਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੇ ਆਪਣੀ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਕੇ ਉਹ ਆਨਲਾਇਨ ਗੇਮ ਦੌਰਾਨ ਕ੍ਰੀਬ 25 ਲੱਖ ਰੁਪਏ ਹਾਰ ਗਿਆ ਸੀ ਤੇ ਉਸ ਦਾ ਪਿਤਾ ਮ੍ਰਿਤਕ ਲਖਵੀਰ ਸਿੰਘ, ਪਿਆਰਜੀਤ ਸਿੰਘ ਤੋਂ ਪੈਸਿਆਂ ਦਾ ਹਿਸਾਬ ਮੰਗਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਿਤਾ ਲਖਵੀਰ ਸਿੰਘ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।