ਅਮਨ ਅਰੋੜਾ ਵੱਲੋਂ ਬਠਿੰਡਾ ਫਲਾਇਓਵਰ ਦੇ ਥੱਲੇ ਆਧੁਨਿਕ ਪਾਰਕ ਬਣਾ ਕੇ ਸਹਿਰ ਨੂੰ ਦਿੱਤਾ ਇੱਕ ਹੋਰ ਖੂਬਸੂਰਤ ਤੋਹਫ਼ਾ 

  • ਸੁਨਾਮ ਹਲਕਾ ਵਾਸੀਆਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ: ਮੰਤਰੀ ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 24 ਅਪ੍ਰੈਲ, 2025 : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਸ਼੍ਰੀ ਅਮਨ ਅਰੋੜਾ ਵੱਲੋਂ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਾਸੀਆਂ ਨੂੰ ਆਧੁਨਿਕ ਪਾਰਕ ਦੇ ਰੂਪ ਵਿੱਚ ਇੱਕ ਹੋਰ ਖੂਬਸੂਰਤ ਤੋਹਫ਼ਾ ਦਿੱਤਾ ਗਿਆ। ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਨਗਰ ਕੌਂਸਲ ਦਫ਼ਤਰ ਦੇ ਕੋਲ ਬਠਿੰਡਾ ਫਲਾਈਓਵਰ ਦੇ ਥੱਲੇ ਖਾਲੀ ਪਈ ਜਗ੍ਹਾ ਦੀ ਲੈਂਡਸਕੇਪਿੰਗ ਕਰਵਾ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ਼ਹਿਰ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਜਗ੍ਹਾ ‘ਤੇ ਅਵਾਰਾ ਪਸ਼ੂਆਂ ਅਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਸੀ ਪਰ ਹੁਣ ਇਸਨੂੰ ਖੂਬਸੂਰਤ ਢੰਗ ਨਾਲ ਪਾਰਕ ਵਜੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਰਹਿਣ-ਸਹਿਣ ਲਈ ਚੰਗਾ ਵਾਤਾਵਰਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਸੁਨਾਮ ਹਲਕੇ ਵਿੱਚ ਵੀ ਲੋੜੀਂਦੇ ਵਿਕਾਸ ਕਾਰਜ ਕਰਵਾਉਣੇ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਥਾਂਵਾਂ ਦੀ ਅੱਜ ਤੱਤ ਕਿਸੇ ਨੇ ਸਾਰ ਨਹੀਂ ਸੀ ਲਈ ਉਨ੍ਹਾਂ ਥਾਂਵਾਂ ਨੂੰ ਵੀ ਖੂਬਸੂਰਤ ਤਰੀਕੇ ਨਾਲ ਵਿਕਸਿਤ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੀ ਥਾਂ ‘ਤੇ ਪਾਰਕ ਵਿਕਸਿਤ ਕੀਤਾ ਗਿਆ ਹੈ, ਉਸ ਥਾਂ ‘ਤੇ ਅਵਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਸੀ ਅਤੇ ਕੁਝ ਗੱਡੀਆਂ ਦੀ ਨਾਜਾਇਜ਼ ਪਾਰਕਿੰਗ ਸੀ। ਉਨ੍ਹਾਂ ਕਿਹਾ ਕਿ ਪਰ ਹੁਣ ਇਸ ਜਗ੍ਹਾ ਉੱਪਰ ਜਿੰਮ, ਯੋਗਾ ਕਰਨ ਲਈ ਵੱਖਰੀ ਜਗ੍ਹਾ, ਬੱਚਿਆਂ ਦੇ ਖੇਡਣ ਲਈ ਝੂਲਿਆਂ ਆਦਿ ਦਾ ਪ੍ਰਬੰਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਨਾਮ ਹਲਕਾ ਵਾਸੀਆਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸ਼ੌਗਾਤਾਂ ਹਲਕਾ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਮੁਕੇਸ਼ ਜੁਨੇਜਾ, ਈ.ਓ. ਬਾਲਕ੍ਰਿਸ਼ਨ, ਐਮ.ਸੀ. ਆਸ਼ਾ ਬਜਾਜ, ਜਤਿੰਦਰ ਜੈਨ, ਮਨੀ ਸਰਾਓ, ਚਮਕੌਰ ਹਾਂਡਾ, ਗੁਰਤੇਗ ਨਿੱਕਾ, ਰਵੀ ਕਮਲ ਗੋਇਲ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਹਰਵਿੰਦਰ ਸਿੰਘ ਨਾਮਧਾਰੀ, ਸਾਹਿਲ ਗਿੱਲ, ਅਮਰੀਕ ਧਾਲੀਵਾਲ,ਆਸ਼ੀਸ਼ ਜੈਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।