ਗਿੱਦੜਬਾਹਾ, 10 ਨਵੰਬਰ 2024 : ਵੀਡੀਓ ਵਾਇਰਲ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਵਿਰੋਧ ਹੋ ਰਿਹਾ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਉਨ੍ਹਾਂ ਤੇ ਸਵਾਲ ਖੜ੍ਹੇ ਕਰ ਰਹੇ ਹਨ। ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਸ ਬੰਦੇ ਨੂੰ ਸਭ ਤੋਂ ਵੱਡਾ ਗੱਪ ਬੋਲਣ ਵਾਲਾ ਕਿਹਾ ਜਾਂਦਾ ਹੈ, ਇਸ ਨੂੰ ਖਾਲੀ ਤੇ ਪੀਪਾ ਮੰਤਰੀ ਵੀ ਕਿਹਾ ਜਾਂਦਾ ਹੈ। ਉਹ 20 ਸਾਲ ਇੱਥੋਂ ਮੰਤਰੀ ਬਣਿਆ, ਫਿਰ ਜਦੋਂ ਇੱਥੋਂ ਹਾਰ ਗਿਆ ਤਾਂ ਬਠਿੰਡਾ ਚਲਾ ਗਿਆ, ਉੱਥੋਂ ਇੱਕ ਵਾਰ ਜਿੱਤਿਆ ਪਰ ਇਸ ਵਾਰ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਫਿਰ ਗਿੱਦੜਬਾਹਾ ਆ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਨੌਕਰੀਆਂ ਲਗਵਾ ਦੇਣਗੇ, ਕੋਈ ਵੀ ਨੌਕਰੀ ਲਈ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ ਫਿਰ ਟੈਸਟ ਦੇਣਾ ਪੈਂਦਾ ਹੈ, ਪਰ ਮਨਪ੍ਰੀਤ ਬਾਦਲ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ। ਗਿੱਦੜਬਾਹਾ ਦੀ ਵਿਧਾਇਕੀ ਲੈਣ ਲਈ ਜਿੱਥੇ ਉਮੀਦਵਾਰ ਆਪਣੇ ਪੂਰੇ ਦਾਅ-ਪੇਚ ਲਗਾ ਰਹੇ ਹਨ, ਉੱਥੇ ਹੀ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਵੀ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਦਾ ਹਾਲ ਹੀ ‘ਚ ਇੱਕ ਵੀਡੀਓ ਵਾਇਰਲ ਹੋਇਆ, ਜਿਸ ਤੋਂ ਬਾਅਦ ਸਿਆਸਤ ਹੋਰ ਭੱਖ ਗਈ ਹੈ। ਮਨਪ੍ਰੀਤ ਬਾਦਲ ਵੀਡੀਓ ਵਿੱਚ ਨੌਜਵਾਨ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਲਾਇਸੈਂਸ ਬਣਵਾ ਲੈ ਤੇ ਉਹ ਉਸ ਦੀ ਪੰਜਾਬ ਰੋਡਵੇਜ਼ ਜਾਂ ਪੀਆਰਟੀਸੀ ਵਿੱਚ ਸਰਕਾਰੀ ਨੌਕਰੀ ਲਗਵਾ ਦੇਣਗੇ। ਉਹ ਇਸ ਤੋਂ ਬਾਅਦ ਇਹ ਵੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਿਸ ਵੀ ਨੌਜਵਾਨ ਦੀ ਉਮਰ 18 ਤੋਂ 23 ਸਾਲ ਦੇ ਵਿੱਚ ਹੈ, ਉਸ ਨੂੰ ਬੀਐਸਐਫ, ਆਈਟੀਬੀਪੀ ਜਾਂ ਸੀਆਰਪੀਐਫ ਵਿੱਚ ਲਗਵਾ ਦੇਣਗੇ। ਨਾਲ ਹੀ ਉਹ ਇੱਕ ਨੌਜਵਾਨ ਨੂੰ ਕਹਿ ਰਹੇ ਹਣ ਕਿ ਉਹ ਉਸ ਦੀ ਰੇਲਵੇ ਦੀ ਨੌਕਰੀ ਲਗਵਾ ਦੇਣਗੇ, ਜਿਹੜਾ ਰੇਲਵੇ ਦਾ ਮੰਤਰੀ ਹੈ ਉਹ ਗਿੱਦੜਬਾਹਾ ਵਿੱਚ ਹੀ ਹੈ। ਮਨਪ੍ਰੀਤ ਬਾਦਲ ਕਹਿ ਰਹੇ ਹਨ ਕਿ ਜਦੋਂ ਵੀ ਉਸ ਦਾ ਰੋਲ ਨੰਬਰ ਆ ਜਾਵੇਗਾ ਤੋਂ ਉਹ ਉਨ੍ਹਾਂ ਕੋਲ ਉਹ ਰੋਲ ਨੰਬਰ ਲੈ ਕੇ ਆ ਜਾਉਣ, ਉਹ ਨੌਕਰੀ ਲਗਵਾ ਦੇਣਗੇ। ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਖਜ਼ਾਨਾ ਮੰਤਰੀ ਸਨ ਤੇ ਬਾਅਦ ਵਿੱਚ ਉਹ ਭਾਜਪਾ ‘ਚ ਸ਼ਾਮਲ ਹੋ ਗਏ ਸਨ।