
- ਕਿਹਾ,ਮਾਲ ਅਧਿਕਾਰੀ ਪੈਡਿੰਗ ਇੰਤਕਾਲ, ਵੰਡ ਅਤੇ ਨਿਸ਼ਾਨਦੇਹੀ ਦੇ ਮਾਮਲਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਕਰਨ ਨੂੰ ਤਰਜੀਹ ਦੇਣ
- ਭਲਕੇ ਲੰਬਿਤ ਝਗੜਾ ਰਹਿਤ ਇੰਤਕਾਲਾਂ ਨੂੰ ਦਰਜ/ਫੈਸਲਾ ਕਰਨ ਲਈ ਤਹਿਸੀਲ ਪੱਧਰ ਤੇ ਲਗਾਏ ਜਾਣਗੇ ਵਿਸ਼ੇਸ ਕੈਂਪ
- ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਕੀਤੀ ਅਪੀਲ
ਮਾਲੇਰਕੋਟਲਾ 04 ਦਸੰਬਰ 2024 : ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਪਏ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣਾ ਯਕੀਨੀ ਬਣਾਇਆ ਜਾਵੇ ਅਤੇ ਨਾਗਰਿਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੋਕਾਂ ਦੀ ਬੇਲੋੜੀ ਖੱਜਲ ਖ਼ੁਆਰੀ ਖਤਮ ਹੋ ਸਕੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ,ਐਸ.ਡੀ.ਐਮ. ਹਰੰਬਸ ਸਿੰਘ, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਭਲਕੇ 5 ਦਸੰਬਰ ਨੂੰ ਲੰਬਿਤ ਝਗੜਾ ਰਹਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਤਹਿਸੀਲ ਪੱਧਰ ਤੇ ਵਿਸ਼ੇਸ ਕੈਂਪ ਦਾ ਆਯੌਜਨ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਹੋ ਸਕੇ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਦੀ ਸੁਵਿਧਾ ਲਈ ਉਪਲੱਬਧ ਰਹਿਣ ਲਈ ਕਿਹਾ। ਉਨ੍ਹਾਂ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋੜਵੰਦ ਤਹਿਸੀਲ ਪੱਧਰ ਤੇ ਆਯੌਜਿਤ ਹੋਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਸਮੂਲੀਅਤ ਕਰਕੇ ਆਪਣੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਵਾਉਣ ਲਈ ਪੁੱਜਣ । ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਨੂੰ ਲੰਬਿਤ ਮਾਮਲਿਆਂ ਵਿੱਚ ਨਜ਼ਰਸਾਨੀ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਲੰਬਿਤ ਅਰਜ਼ੀਆਂ ਦੀ ਬਕਾਇਆ ਦਰ ਸਿਫ਼ਰ ਕੀਤੀ ਜਾ ਸਕੇ। ਡਾ ਪੱਲਵੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਵਿਸ਼ੇਸ ਮੁਹਿੰਮ ਉਲੀਕ ਕੇ ਪਿੰਡ ਪੱਧਰ ਤੇ ਡੀ.ਜੀ.ਪੀ.ਸੀ ਮਸ਼ੀਨ ਨਾਲ ਨਿਸ਼ਾਨਦੇਹੀ ਕਰਵਾ ਕੇ ਮੁਰੱਬਾਬੰਦੀ ਪੱਥਰ ਲਗਵਾਉਣ ਨੂੰ ਤਰਜੀਹ ਦੇਣ ਤਾਂ ਜੋ ਲੋਕਾਂ ਨੂੰ ਨਿਸਾਨਦੇਹੀਆਂ ਸਬੰਧੀ ਪੇਸ਼ ਆ ਰਹੀਆਂ ਮੁਸਕਲਾਂ ਨੂੰ ਜਲਦ ਤੇ ਸੁਖਾਲੇ ਤਰੀਕੇ ਨਾਲ ਹੱਲ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਐਸ.ਡੀ.ਐਮਜ਼ ਵਿਭਾਗੀ ਪੜਤਾਲਾਂ ਦੇ ਬਕਾਇਆ ਕੇਸਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ। ਉਨ੍ਹਾਂ ਮੀਟਿੰਗ ਦੌਰਾਨ ਸਵਾਮਿਤਵਾ ਸਕੀਮ, ਕੋਰਟ ਕੇਸ, ਸਲਾਨਾ ਸਟੈਂਪ ਡਿਊਟੀ ਆਦਿ ਦੀ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਰਿਕਵਰੀ ਕੇਸਾਂ ਨੂੰ ਖ਼ਤਮ ਕਰਨ ਦੀ ਹਦਾਇਤ ਵੀ ਕੀਤੀ।