ਆਪ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ­ ਝੋਨੇ ਦੀ ਖ਼ਰੀਦ ਅਤੇ ਡੀਏਪੀ ਸਮੱਸਿਆ ਲਈ ਆਪ ਸਰਕਾਰ ਜਿੰਮੇਵਾਰ­ : ਅਨੁਰਾਗ ਠਾਕੁਰ

  • ਕਾਂਗਰਸ ਅਤੇ ਆਪ ਭਿ੍ਰਸ਼ਟਾਚਾਰੀ ਪਾਰਟੀਆਂ ਦਾ ਗੱਠਜੋੜ : ਅਨੁਰਾਗ ਠਾਕੁਰ
  • ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲਿਆਂ ਨੇ ਸ਼ਰਾਬ ਦੀ ਦਲਾਲੀ ‘ਚ ਮੂੰਹ ਕਾਲਾ ਕਰਵਾਇਆ : ਅਨੁਰਾਗ ਠਾਕੁਰ
  • ਕਾਂਗਰਸ ਨੇ ਸਿੱਖ ਕਤਲੇਆਮ ਕਰਵਾਇਆ­ ਜਿਸਦਾ ਇਨਸਾਫ਼ ਬੀਜੇਪੀ ਨੇ ਦਵਾਇਆ : ਅਨੁਰਾਗ ਠਾਕੁਰ
  • ਕੇਵਲ ਢਿੱਲੋਂ ਦੀ ਪੀਐਮ ਤੇ ਗ੍ਰਹਿ ਮੰਤਰੀ ਨਾਲ ਸਿੱਧੀ ਗੱਲਬਾਤ­ ਉਹਨਾਂ ਦੀ ਜਿੱਤ ਨਾਲ ਬਰਨਾਲਾ ਲਈ ਆਉਣਗੇ ਵੱਡੇ ਪ੍ਰੋਜੈਕਟ : ਅਨੁਰਾਗ ਠਾਕੁਰ
  • ਸਾਬਕਾ ਕੇਂਦਰੀ ਮੰਤਰਹੀ ਤੇ ਬੀਜੇਪੀ ਸੰਸਦ ਮੈਂਬਰ ਨੇ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ

ਬਰਨਾਲਾ, 11 ਨਵੰਬਰ 2024 : ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਅੱਜ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ ਕੀਤਾ ਗਿਆ। ਬਰਨਾਲਾ ਦੇ ਵਿਜ਼ਟ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੁਰਾਗ ਠਾਕੁਰ ਨੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਜੰਮ ਕੇ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਬਰਨਾਲਾ ਨੂੰ ਜ਼ਿਲ੍ਹਾ ਕੇਵਲ ਸਿੰਘ ਢਿੱਲੋਂ ਨੇ ਬਣਾਇਆ ਅਤੇ ਇੱਥੇ ਫਲਾਈਓਵਰ­ ਅੰਡਰਬਿ੍ਰਜ ਬਣਾ ਕੇ ਵਿਕਾਸ ਕਰਵਾਇਆ। ਸੁਪਰਸਪੈਸਲਿਟੀ ਹਸਪਤਾਲ ਬਰਨਾਲਾ ਦੇ ਲੋਕਾਂ ਲਈ ਲਿਆਂਦਾ­ ਜਿਸਨੂੰ ਆਪ ਸਰਕਾਰ ਨੇ ਰੱਦ ਕਰਵਾ ਕੇ ਬਰਨਾਲਾ ਦੇ ਲੋਕਾਂ ਤੋਂ ਸਿਹਤ ਸਹੂਲਤਾਂ ਦਾ ਹੱਕ ਹੋ ਲਿਆ। ਉਹਨਾਂ ਕਿਹਾ ਕਿ ਕਿਸਾਨਾਂ ਦੀ ਡੀਏਪੀ ਖ਼ਾਦ ਦੀ ਘਾਟ ਨੂੰ ਕੇਵਲ ਢਿੱਲੋਂ ਨੇ ਪੀਐਮ ਨਰਿੰਦਰ ਮੋਦੀ­ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖ਼ਾਦ ਮੰਤਰੀ ਜੇਪੀ ਨੱਢਾ ਨਾਲ ਸਿੱਧਾ ਗੱਲ ਕਰਕੇ ਹੱਲ ਕਰਵਾਇਆ। ਜਿਸ ਸਦਕਾ ਬਰਨਾਲਾ ਦੇ ਕਿਸਾਨਾਂ ਲਈ ਸਿੱਧਾ ਡੀਏਪੀ ਦਾ ਰੇਲਵੇ ਰੈਕ ਆਇਆ। ਜਦਕਿ ਇੱਥੋਂ ਦੇ ਐਮਪੀ ਅਤੇ ਐਮਐਲਏ ਕੁੱਝ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕ ਭਾਜਪਾ ਦਾ ਸਾਥ ਦੇ ਕੇ ਕੇਵਲ ਸਿੰਘ ਢਿੱਲੋਂ ਨੂੰ ਜਿਤਾਉਣ ਜਿਸ ਨਾਲ ਬਰਨਾਲਾ ਦੇ ਲੋਕਾਂ ਦਾ ਵੱਡਾ ਫ਼ਾਇਦਾ ਹੋਵੇਗਾ­ ਜਿਸ ਨਾਲ ਬਰਨਾਲਾ ਵਿੱਚ ਵੱਡੇ ਵਿਕਾਸ ਦੇ ਪ੍ਰੋਜੈਕਟ ਲਿਆਉਣ ਦੀ ਕੇਵਲ ਸਿੰਘ ਢਿੱਲੋਂ ਪਹੁੰਚ ਰੱਖਦੇ ਹਨ। ਉਥੇ ਉਹਨਾਂ ਇਸ ਦੌਰਾਨ ਆਪ ਸਰਕਾਰ ਅਤੇ ਕਾਂਗਰਸ ਨੂੰ ਵੱਖ ਵੱਖ ਮੁੱਦਿਆਂ ’ਤੇ ਘੇਰਿਆ। ਉਹਨਾਂ ਕਿਹਾ ਕਿ  ਪੰਜਾਬ ਲਈ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਇੱਕ ਕਰਾਰਾ ਜਵਾਬ ਦੇ ਸਕਦੀ ਹੈ। ਦੋਵੇਂ ਪਾਰਟੀਆਂ ਕਦੇ ਇਕੱਠੇ ਅਤੇ ਕਦੇ ਅਲੱਗ ਹੋਕੇ ਠੱਗਣ ਦਿਨ ਕੰਮ ਕਰਦੀਆਂ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ­ ਜਿਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸੂਬੇ ਦੀ ਇੰਡਸਟਰੀ ਬਾਹਰ ਜਾ ਰਹੀ ਹੈ। ਰੋਜ਼ਾਨਾ ਵਪਾਰੀਆਂ ਨੂੰ ਗੈਂਗਸਟਰ ਫ਼ਿਰੌਤੀਆਂ ਮੰਗ ਰਹੇ ਹਨ। ਰੋਜ਼ਾਨਾ ਕਤਲ ਅਤੇ ਲੁੱਟਾਂਖੋਹਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਆਯੂਸ਼ਮਾਨ ਯੋਜਨਾ ਅਤੇ ਰਾਸ਼ਨ ਯੋਜਨਾ ਤਹਿਤ ਮੁਫ਼ਤ ਸਿਹਤ ਅਤ ਅਨਾਜ ਦੀ ਸਹੂਲਤ ਦਿੱਤੀ­ ਪਰ ਪੰਜਾਬ ਸਰਕਾਰ ਨੇ ਦੋਵੇਂ ਸੇਵਾਵਾਂ ਬੰਦ ਕਰਕੇ ਗਰੀਬ ਲੋਕਾਂ ਦੇ ਇਹ ਹੱਕ ਵੀ ਖੋਹ ਲਏ। ਉਹਨਾਂ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਅਤੇ ਡੀਏਪੀ ਦੀ ਘਾਟ ਲਈ ਵੀ ਪੰਜਾਬ ਦੀ ਆਪ ਸਰਕਾਰ ਜਿੰਮੇਵਾਰ ਹੈ। ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਦੁੱਗਣਾ ਬਜ਼ਟ ਰੱਖ ਕੇ ਫ਼ਸਲਾਂ ਐਮਐਸਪੀ ’ਤੇ ਖ਼ਰੀਦ ਰਹੀ ਹੈ। ਕਿਸੇ ਸਾਲ ਕੋਈ ਸਮੱਸਿਆ ਨਹੀਂ ਆਈ। ਪ੍ਰੰਤੂ ਇਸ ਵਾਰ ਆਪ ਸਰਕਾਰ ਨੇ ਅਗਾਊਂ ਕੋਈ ਪ੍ਰਬੰਧ ਨਹੀਂ ਕੀਤੇੇ। ਜਦਕਿ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 44 ਹਜ਼ਾਰ ਕਰੋੜ ਰੁਪਏ ਭੇਜੇ­ ਜਿਸ ਨਾਲ ਪੰਜਾਬ ਸਰਕਾਰ ਨੇ ਬਾਰਦਾਨਾ­ ਪਾਣੀ­ ਸਫ਼ਾਈ­ ਲਿਫ਼ਟਿੰਗ ਅਤੇ ਹੋਰ ਸਾਰੇ ਪ੍ਰਬੰਧ ਕਰਨੇ ਸਨ­ ਪ੍ਰੰਤੂ ਸਰਕਾਰ ਇਸ ਸਭ ਲਈ ਨਾਕਾਮ ਰਹੀ। ਡੀਏਪੀ ਲਈ ਵੀ ਸਰਕਾਰ ਸੁੱਤੀ ਰਹੀ ਅਤੇ ਕਾਲਾਬਜ਼ਾਰੀ ਨਹੀਂ ਰੋਕ ਸਕੀ। ਫ਼ਸਲ ਨਾ ਵਿਕਣ ਕਾਰਨ ਇੱਕ ਕਿਸਾਨ ਖ਼ੁਦਕੁਸ਼ੀ ਵੀ ਕਰ ਗਿਆ­ ਜਿਸ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿੰਮੇਵਾਰ ਹੈ। ਸੜਕਾਂ ’ਤੇ ਕਿਸਾਨਾਂ ਨੂੰ ਰੋਲਣ ਲਈ ਸਿੱਧੇ ਤੌਰ ’ਤੇ ਆਪ ਸਰਕਾਰ ਜਿੰਮੇਵਾਰ ਹੈ।  ਅਨੁਰਾਗ ਠਾਕੁਰ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ਾ ਕਈ ਗੁਣਾ ਵਧ ਗਿਆ ਹੈ। ਪੰਜਾਬ ਨੂੰ ਨਸ਼ਾ ਮੁਕਤ  ਕਰਨ ਵਾਲਿਆਂ ਨੇ ਸ਼ਰਾਬ ਦੀ ਦਲਾਲੀ ‘ਚ ਮੂੰਹ ਕਾਲਾ ਕਰਵਾਇਆ। ਦਿੱਲੀ ਦੇ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਜੇਲ੍ਹ ਕੱਟ ਕੇ ਜ਼ਮਾਨਤ ’ਤੇ ਬਾਹਰ ਆਏ ਹਨ। ਉਹਨਾਂ ਕਿਹਾ ਕਿ ਆਪ ਅਤੇ ਕਾਂਗਰਸ ਦੋਨੋਂ ਪਾਰਟੀਆਂ ਤੋਂ ਭਿਰਸ਼ਟਾਚਾਰ ਨਾਲ ਭਰੀਆਂ ਹੋਈਆਂ ਹਨ।  ਦੋਨੋਂ ਖੋਟੇ ਸਿੱਕੇ ਦੇ ਦੋ ਪਾਸੇ ਹਨ। ਹੁਣ ਪੰਜਾਬ ਦੇ ਲੋਕ ਇਹਨਾਂ ਦੋਵੇਂ ਪਾਰਟੀਆਂ ਨੂੰ ਸਵਾਲ ਕਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰ ਰਹੇ ਹਨ ਅਤੇ ਹੁਣ ਸਮਾਂ ਬੀਜੇਪੀ ਦਾ ਹੈ। ਉਥੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਨਾ ਕੋਈ ਨੀਤੀ ਹੈ ਅਤੇ ਨਾ ਹੀ ਨੀਅਤ ਹੈ। ਕਾਂਗਰਸ ਪਾਰਟੀ ਨੇ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਪਰ ਬੀਜੇਪੀ ਦੀ ਸਰਕਾਰ ਨੇ ਇਸ ਲਈ ਸਪੈਸ਼ਲ ਐਸਆਈਟੀ ਬਣਾ ਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਜ਼ਾਵਾਂ ਦਵਾਉਣ ਦੇ ਪ੍ਰਬੰਧ ਕੀਤੇ। ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਿੱਖਾਂ ਦੀ ਹਿਤੈਸ਼ੀ ਸਰਕਾਰ ਹੈ­ ਜਿਸਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ­ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਅਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਏ। ਸ਼ਾਹਿਬਜ਼ਾਦਿਆਂ ਲਈ ਵੀਰ ਬਾਲ ਦਿਵਸ ਪੂਰੇ ਦੇਸ਼ ਵਿੱਚ ਮਨਾਏ ਗਏ। ਅਫ਼ਗਾਨਿਸਤਾਨ ਵਿੱਚੋਂ ਸਪੈਸ਼ਲ ਜਹਾਜ਼ਾਂ ਰਾਹੀਂ ਹਜ਼ਾਰਾਂ ਸਿੱਖਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਭਾਰਤ ਲਿਆਂਦੇ ਗਏ।