ਗੁਰਦਾਸਪੁਰ, 17 ਮਈ : ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ ਕਟੜਾ ਨੈਸ਼ਨਲ ਹਾਈਵੇ ਲਈ ਪੰਜਾਬ ਦੇ ਜਿਲਾ ਗੁਰਦਾਸਪੁਰ ਤੇ ਜਿਲਾ ਅੰਮ੍ਰਿਤਸਰ ਅਤੇ ਹੋਰਨਾਂ ਥਾਵਾਂ ਤੇ ਅੱਜ ਪ੍ਰਸ਼ਾਸ਼ਨ ਵਲੋਂ ਕਾਰਵਾਈ ਕੀਤੀ ਗਈ। ਉਸਦੇ ਚਲਦਿਆਂ ਕਿਸਾਨਾਂ ਦੀਆ ਜ਼ਮੀਨ ਅਕਵਾਇਰ ਕਰਨ ਲਈ ਆਈ ਜਿਲਾ ਪ੍ਰਸ਼ਾਸ਼ਨ ਗੁਰਦਾਸਪੁਰ ਦੀ ਟੀਮ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਦਰਮਿਆਨ ਹੋਈ ਜਬਰਦਸਤ ਖਿੱਚੋਤਾਣ ਤੋਂ ਬਾਅਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੂਰੇ ਪੰਜਾਬ ਭਰ ਵਿਚ ਰੇਲਾਂ ਜਾਮ ਕਰਨ ਦਾ ਐਲਾਨਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਸਭ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਅਗੱਸਤ ਮਹੀਨੇ ਤਕ ਉਹਨਾਂ ਦੀਆ ਜਮੀਨਾਂ ਦਾ ਬਣਦਾ ਮੁਆਵਜ਼ਾ ਦੇਣ ਤੋਂ ਬਾਅਦ ਹੀ ਪ੍ਰਸ਼ਾਸ਼ਨ ਜਮੀਨਾਂ ਦੇ ਕਬਜ਼ੇ ਕਰੇਗਾ ਜਦਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਆਪਣੇ ਕੀਤੇ ਵਾਅਦੇ ਤੋਂ ਉਲਟ ਹੋ ਜ਼ਬਰੀ ਕਿਸਾਨਾਂ ਨੂੰ ਦਬਾਵ ਪਾ ਕਬਜ਼ੇ ਕਰ ਰਿਹਾ ਹੈ। ਜਿਸ ਦੇ ਰੋਸ ਵਜੋਂ ਉਹਨਾਂ ਵਲੋਂ ਕੱਲ ਇਕ ਵਜੇ ਤੋਂ ਬਾਅਦ ਪੰਜਾਬ ਭਰ ਵਿਚ ਰੇਲਾਂ ਜਾਮ ਕੀਤੀਆਂ ਜਾਣਗੀਆਂ।