ਨਗਰ ਨਿਗਮ ਬਟਾਲਾ ਦੀ ਟੀਮ ਨੇ ਖੜ੍ਹੇ ਪਾਣੀ ਵਿਚ ਲਾਰਵਾ ਮਿਲਣ ਤੇ ਕੱਟੇ 7 ਚਲਾਨ 

ਬਟਾਲਾ, 11 ਸਤੰਬਰ : ਨਗਰ ਨਿਗਮ ਬਟਾਲਾ ਵਲੋਂ ਚਿਕਣਗੁਣੀਆਂ ਤੇ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ -ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਡਾ. ਸਾਇਰੀ ਭੰਡਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ  ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਿਕਣ ਗੁਣੀਆਂ ਤੇ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਸ਼ਹਿਰ ਅੰਦਰ ਫੋਗਿੰਗ ਕਰਵਉਣ ਦੇ ਨਾਲ-ਨਾਲ ਜਿਨਾਂ ਇਲਾਕਿਆਂ ਵਿੱਚ ਪਿਛਲੇ ਸਾਲ ਡੇਂਗੂ ਦੇ ਕੇਸ ਪਾਏ ਗਏ ਸਨ, ਉਸ ਖੇਤਰ ਵੱਲ ਹੋਰ ਵਿਸ਼ੇਸ ਤਵੱਜੋਂ ਦਿੰਦਿਆਂ ਲੋਕਾਂ ਨੂੰ ਇਨ੍ਹਾਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਵਲੋਂ ਜਿਥੇ ਲੋਕਾਂ ਨੂੰ ਡੇਂਗੂ ਵਿਰੁੱਧ ਅਤੇ ਹਰ ਹਫ਼ਤੇ ਡਰਾਈ ਡੇਅ ਮਨਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਓਥੇ ਟੀਮਾਂ ਵਲੋਂ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਚਲਾਨ ਕੱਟੇ ਜਾ ਰਹੇ ਹਨ। ਅੱਜ ਬਟਾਲਾ ਸ਼ਹਿਰ ਵਿੱਚ ਵਿਸ਼ਕਰਮਾ ਗਲੀ ਵਿੱਚ ਡੇਂਗੂ ਦੀ ਟੀਮ ਨੇ ਸ਼੍ਰੀ ਪਰਮਜੀਤ ਸਿੰਘ ਪੁੱਤਰ ਸ. ਬਚਨ ਸਿੰਘ, ਨਰਿੰਦਰ ਪਾਲ ਪੁੱਤਰ ਸ਼੍ਰੀ ਹਰਬੰਸ ਲਾਲ, ਪਰਮਜੀਤ ਸਿੰਘ  ਪੁੱਤਰ ਸ਼੍ਰੀ ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਕੂਲਰ ਵਿੱਚ ਖੜ੍ਹੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਚਲਾਨ ਕੀਤਾ ਹੈ। ਇਸ ਤੋਂ ਇਲਾਵਾ ਰਾਜ਼ੇਸ ਕੁਮਾਰ ਪੁੱਤਰ ਸ਼੍ਰੀ ਦਰਸ਼ਨ ਸਿੰਘ,  ਪ੍ਰੇਮ ਸਿੰਘ ਪੁੱਤਰ  ਸ਼੍ਰੀ ਸੰਤਾ ਸਿੰਘ, ਅਸ਼ਵਨੀ ਕੁਮਾਰ ਪੁੱਤਰ ਸ਼੍ਰੀ ਤੁਲੀ ਰਾਮ, ਜਸਪਾਲ ਸਿੰਘ ਪੁੱਤਰ ਸ਼੍ਰੀ ਨੱਥਾ ਸਿੰਘ ਸਿੰਬਲ ਮਹੁੱਲਾ ਬਟਾਲਾ ਕੂਲਰ ਵਿੱਚ ਲਾਰਵਾ ਪਾਇਆ ਗਿਆ ਅਤੇ ਮੌਕੇ ਤੇ ਟੀਮ ਵਲੋਂ ਚਲਾਨ ਕੱਟਿਆ ਗਿਆ। ਨਗਰ ਨਿਗਮ ਟੀਮ ਨੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ ਵਿੱਚ ਵਾਧੂ ਪਏ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗ਼ਮਲੇ ਆਦਿ ਵਿੱਚ ਪਾਣੀ ਖੜਾ ਨਾ ਹੋਣ ਦੇਣ। ਇਸ ਮੌਕੇ ਕਮਿਸ਼ਨਰ, ਕਾਰਪੋਰੇਸ਼ਨ ਬਟਾਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ।ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਲੱਛਣ ਜਿਵੇਂ ਤੇਜ਼ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ।