- ਆਪ ਸਰਕਾਰ ਵੱਲੋਂ ਸਰਹੱਦੀ ਪੱਟੀ ਵਿਚ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾ ਦੇਣ ਵਿਚ ਅਸਫਲ ਰਹਿਣ ਦੀ ਕੀਤੀ ਨਿਖੇਧੀ
- ਕਿਹਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਸਰਹੱਦੀ ਇਲਾਕੇ ਦੇ ਵਿਕਾਸ ਦੀ ਯੋਜਨਾ ਉਲੀਕੇਗਾ
- ਯਾਤਰਾ ਨੂੰ ਪੱਟੀ ਤੇ ਖੇਮਕਰਨ ਵਿਚ ਮਿਲਿਆ ਇਤਿਹਾਸਕ ਹੁੰਗਾਰਾ, ਲੋਕਾਂ ਦੇ ਹਜ਼ੂਮ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਕੀਤਾ ਨਿੱਘਾ ਸਵਾਗਤ
ਖੇਮਕਰਨ, 8 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਲਈ ਸਪੈਸ਼ਲ ਪੈਕੇਜ ਦੇਣ ਦੀ ਮੰਗ ਕੀਤੀ ਤੇ ਉਹਨਾਂ ਨੇ ਸਰਹੱਦੀ ਪੱਟੀ ਵਿਚ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਵਿਚ ਨਾਕਾਮ ਰਹਿਣ ’ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ। ਪੰਜਾਬ ਬਚਾਓ ਯਾਤਰਾ ਦੇ ਪੱਟੀ ਪਹੁੰਚਣ, ਜਿਥੇ ਸਾਬਕਾ ਮੰਤਰੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸਨ, ਯਾਤਰਾ ਨੂੰ ਲਾਮਿਸਾਲ ਤੇ ਇਤਿਹਾਸਕ ਹੁੰਗਾਰਾ ਮਿਲਿਆ। ਇਥੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਰਹੱਦੀ ਪੱਟੀ ਵਾਸਤੇ ਸਪੈਸ਼ਲ ਪੈਕੇਜ ਲੈਣ ਦਾ ਯਤਨ ਕਰੇਗਾ ਤਾਂ ਜੋ ਇਥੇ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਜਾ ਸਕਣ ਤੇ ਪੈਸਾ ਬੁਨਿਆਦੀ ਢਾਂਚੇ ਦੀ ਮਜ਼ਬੂਤੀ ’ਤੇ ਖਰਚ ਕੀਤਾ ਜਾ ਸਕੇ ਤੇ ਇਲਾਕੇ ਦੇ ਨੌਜਵਾਨਾਂ ਦੇ ਹੁਨਰ ਤਰਾਸ਼ਣ ਲਈ ਤਕਨੀਕੀ ਸੰਸਥਾਵਾਂ ਸਥਾਪਿਤ ਕੀਤੀਆਂ ਜਾ ਸਕਣ। ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਨੇ ਸਰਹੱਦੀ ਪੱਟੀ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਕੋਲ ਪਹੁੰਚ ਕਰ ਕੇ ਸ਼ਿਕਾਇਤ ਕੀਤੀ ਤੇ ਦੱਸਿਆਕਿ ਕਿਵੇਂ ਸਰਹੱਦੀ ਸਕੂਲਾਂ ਵਿਚ ਅਧਿਆਪਕ ਨਹੀਂ ਹਨ ਤੇ ਡਿਸਪੈਂਸਰੀਆਂ ਸਿਰਫ ਕਾਗਜ਼ਾਂ ਵਿਚ ਹਨ। ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਆਮ ਆਦਮੀ ਕਲੀਨਿਕਾਂ ਨੇ ਪੇਂਡੂ ਡਿਸਪੈਂਸਰੀਆਂ ਖਾਲੀ ਕਰ ਦਿੱਤੀਆਂ ਹਨ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਸਰਹੱਦੀ ਪੱਟੀ ਵਿਚ ਆਪ ਦੇ ਵਿਧਾਇਕ ਗੈਰ ਕਾਨੂੰਨੀ ਮਾਇਨਿੰਗ ਵਿਚ ਲੱਗੇ ਹਨ ਅਤੇ ਕੋਈ ਸਮਾਜ ਭਲਾਈ ਕਾਰਜ ਕਰਨ ਦੀ ਥਾਂ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਿੱਖਿਆ, ਸਿਹਤ ਤੇ ਖੇਡਾਂ ਦੇ ਖੇਤਰ ਵਿਚ ਸਰਹੱਦੀ ਪੱਟੀ ਵਿਚ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦਾ ਹਮਾਇਤੀ ਰਿਹਾ ਹੈ ਅਤੇ ਸੂਬੇ ਵਿਚ ਸੱਤਾ ਵਿਚ ਆਉਣ ’ਤੇ ਉਹ ਸਰਹੱਦੀ ਪੱਟੀ ਦੇ ਵਿਕਾਸ ਦੀ ਯੋਜਨਾ ਉਲੀਕੇਗਾ। ਸਰਦਾਰ ਬਾਦਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਪੇਂਡੂ ਲੋਕਾਂ ਨੂੰ ਨਿਰਾਸ਼ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਸਰਕਾਰ ਪਿੰਡਾਂ ਤੋਂ ਚਲਾਉਣ ਦਾ ਵਾਅਦਾ ਕੀਤਾ ਸੀ ਪਰ ਇਸਨੇ ਸਰਕਾਰ ਦੀ ਵਾਗਡੋਰ ਅਰਵਿੰਦ ਕੇਜਰੀਵਾਲ ਦੇ ਹੱਥ ਸੌਂਪ ਦਿੱਤੀ ਜਿਸ ਕਾਰਨ ਸਾਰੀਆਂ ਪੇਂਡੂ ਵਿਕਾਸ ਸਕੀਮਾਂ ਠੱਪ ਹੋ ਗਈਆਂ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੇਂਡੂ ਸੜਕਾਂ ਬਿਲਕੁਲ ਖਤਮ ਹੋ ਗਈਆਂ ਹਨ ਤੇ ਛੋਟੇ ਕਸਬਿਆਂ ਵਿਚ ਕੋਈ ਬੁਨਿਆਦੀ ਸਹੂਲਤਾਂ ਨਹੀਂ ਹਨ। ਪੰਜਾਬ ਬਚਾਓ ਯਾਤਰਾ ਨੂੰ ਪੱਟੀ ਤੇ ਖੇਮਕਰਨ ਵਿਚ ਲਾਮਿਸਾਲ ਤੇ ਇਤਿਹਾਸਕ ਹੁੰਗਾਰਾ ਮਿਲਿਆ ਤੇ 10 ਕਿਲੋਮੀਟਰ ਤੱਕ ਕਾਰਾਂ, ਜੀਪਾਂ, ਟਰੈਕਟਰਾਂ ਤੇ ਮੋਟਰ ਸਾਈਕਲਾਂ ਦਾ ਕਾਫਲਾ ਅਕਾਲੀ ਦਲ ਦੇ ਪ੍ਰਧਾਨ ਨਾਲ ਚੱਲਿਆ। ਰਸਤੇ ਵਿਚ ਸਰਦਾਰ ਬਾਦਲ ਨੂੰ ਥਾਂ ਥਾਂ ਫੁੱਲਾਂ ਦੇ ਹਾਰ ਪਹਿਨਾਏ ਗਏ ਤੇ ਸਾਰੀ ਯਾਤਰਾ ਦੌਰਾਨ ਉਹਨਾਂ ’ਤੇ ਫੁੱਲ ਪੱਤੀਆਂ ਸੁੱਟੀਆਂ ਗਈਆਂ। ਸਰਦਾਰ ਬਾਦਲ ਨੇ ਯਾਤਰਾ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਨੌਜਵਾਨਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਆਪ ਸਰਕਾਰ ਦੌਰਾਨ ਸਭ ਤੋਂ ਵੱਧ ਮਾਰ ਪਈ ਹੈ ਕਿਉਂਕਿ ਸਰਕਾਰੀ ਨੌਕਰੀਆਂ ’ਤੇ ਬਾਹਰਲਿਆਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਨੌਜਵਾਨਾਂ ਨੂੰ 2.5 ਲੱਖ ਨੌਕਰੀਆਂ ਦਿੱਤੀਆਂ ਗਈਆਂ ਸਨ। ਉਹਨਾਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸੀਨੀਅਰ ਪਾਰਟੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਵਿਰਸਾ ਸਿੰਘ ਵਲਟੋਹਾ, ਸਰਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਤੇ ਸਰਦਾਰ ਵੀਰ ਸਿੰਘ ਲੋਪੋਕੇ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੌਜੂਦ ਰਹੇ।