ਡੀਐਸਪੀ ਅਤੇ ਐਸਐਚਓ ਦੇ ਸਾਹਮਣੇ ਐਸਆਈ ਨੂੰ ਉਸਦੇ ਹੀ ਰਿਵਾਲਵਰ ਨਾਲ ਮਾਰੀ ਗੋਲੀ, ਮੌਤ

  • ਖੰਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ ‘ਚ ਦੋ ਧਿਰਾਂ ਦੀ ਲ਼ੜਾਈ ਦਾ ਮਸਲਾ ਸੁਲਝਾਉਣ ਲਈ ਗਈ ਸੀ ਪੁਲਿਸ

ਖਡੂਰ ਸਾਹਿਬ, 10 ਅਪ੍ਰੈਲ 2025 : ਪੰਜਾਬ ਦਾ ਮਾਹੌਲ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਹੈ, ਜਿੱਥੇ ਗਲਤ ਅਨਸਰਾਂ ਵੱਲੋਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਹੁਣ ਪੁਲਿਸ ਵੀ ਸੁਰੱਖਿਆ ਨਹੀਂ ਰਹੀ। ਇਸ ਤਰ੍ਹਾਂ ਦੀ ਇੱਕ ਤਾਜਾ ਘਟਨਾਂ ਖੰਡੂਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਕਰੀਬ 10 ਵਜੇ ਦੋ ਧਿਰਾਂ ਵਿੱਚ ਚੱਲ ਰਹੇ ਵਿਵਾਦ ਨੂੰ ਖਤਮ ਕਰਵਾਉਣ ਲਈ ਪੁੱਜੇ ਸ੍ਰੀ ਗੋਇੰਦਵਾਲ ਸਾਹਿਬ ਥਾਣੇ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇੱਕ ਹੋਰ ਥਾਣੇਦਾਰ ਨਾਲ ਹੱਥੋਪਾਈ ਕਰਕੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਇਹ ਘਟਨਾਂ ਵਾਪਰੀ ਤਾਂ ਉਸ ਸਮੇਂ ਡੀਐਸਪੀ ਅਤੁੱਲ ਸੋਨੀ ਤੇ ਐਸਐਚਓ ਪ੍ਰਭਜੀਤ ਸਿੰਘ ਵੀ ਮੌਕੇ ਤੇ ਮੌਜ਼ੂਦ ਸਨ। ਘਟਨਾਂ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਕੋਟ ਮੁਹੰਮਦ ਖਾਂ ਦੇ ਸਰਪੰਚ ਕੁਲਦੀਪ ਸਿੰਘ ਪੁੱਤ ਦਾ ਪਿੰਡ ਦੇ ਹੀ ਅਰਸ਼ਦੀਪ ਸਿੰਘ ਨਾਲ ਪਿਛਲੇ ਕੁੱਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਜਿਸ ਕਾਰਨ ਉਨ੍ਹਾਂ ਦੋਵਾਂ ਦਾ ਆਪਸੀ ਕਈ ਵਾਰ ਲੜਾਈ ਝਗੜਾ ਵੀ ਹੋਇਆ। ਸਰਪੰਚ ਕੁਲਦੀਪ ਸਿੰਘ ਤੇ ਹੋਰਾਂ ਖ਼ਿਲਾਫ਼ ਦੂਜੀ ਧਿਰ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ’ਚ ਲਿਖਤੀ ਸ਼ਿਕਾਇਤ ਵੀ ਦਿੱਤੀ ਹੋਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬੁੱਧਵਾਰ ਸਵੇਰੇ 11 ਵਜੇ ਦੋਵਾਂ ਧਿਰਾਂ ’ਚ ਫਿਰ ਬਹਿਸ ਹੋ ਗਈ ਜਿਸ ਤੋਂ ਬਾਅਦ ਸ਼ਾਮ 4 ਵਜੇ ਵਿਵਾਦ ਹੱਲ ਕਰਨ ਲਈ ਸਮਾਂ ਤੈਅ ਕੀਤਾ ਗਿਆ। ਪਰ ਇਸ ਦੌਰਾਨ ਸਰਪੰਚ ਧੜੇ ਦੀ ਇਤਰਾਜ਼ਯੋਗ ਸਰਗਰਮੀ ’ਤੇ ਦੂਜੀ ਧਿਰ ਨੇ ਪੁਲਿਸ ਹੈਲਪਲਾਈਨ ’ਤੇ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਮਿਲਣ ’ਤੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਵਧੀਕ ਇੰਚਾਰਜ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ’ਚ ਏਐੱਸਆਈ ਜਸਬੀਰ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਰਾਤ ਪਿੰਡ ਲਈ ਰਵਾਨਾ ਹੋ ਗਏ। ਰਾਤ ਕਰੀਬ 9:35 ਵਜੇ ਜਦੋਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਵਿਵਾਦ ਹੱਲ ਕਰਨ ਲਈ ਸਰਪੰਚ ਧਿਰ ਨੂੰ ਪਿੱਛੇ ਹਟਣ ਲਈ ਕਿਹਾ, ਤਾਂ ਸਰਪੰਚ ਧਿਰ ’ਚੋਂ ਇਕ ਵਿਅਕਤੀ ਨੇ ਉਨ੍ਹਾਂ ਦੀ ਰਿਵਾਲਵਰ ਖੋਹ ਕੇ ਉਨ੍ਹਾਂ ’ਤੇ ਤਿੰਨ ਗੋਲ਼ੀਆਂ ਚਲਾ ਦਿੱਤੀਆਂ। ਇਕ ਗੋਲ਼ੀ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਲੱਗੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਇਸੇ ਦੌਰਾਨ, ਏਐੱਸਆਈ ਜਸਬੀਰ ਸਿੰਘ ਨੂੰ ਕੁੱਟ-ਕੁੱਟ ਕੇ ਉਨ੍ਹਾਂ ਦੀ ਬਾਂਹ ਤੋੜ ਦਿੱਤੀ ਗਈ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਰਨਜੀਤ ਸਿੰਘ ਨੂੰ ਮਿ੍ਰਤ ਐਲਾਨ ਦਿੱਤਾ ਗਿਆ। ਘਟਨਾ ਦੌਰਾਨ ਮੌਜੂਦ ਡੀਐੱਸਪੀ ਅਤੁਲ ਸੋਨੀ ਤੇ ਥਾਣੇਦਾਰ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਨੇ ਗੋਲ਼ੀਆਂ ਦੀ ਆਵਾਜ਼ ਸੁਣ ਕੇ ਪਿੱਛੇ ਹਟਣ ਦਾ ਫ਼ੈਸਲਾ ਕੀਤਾ। ਸੂਚਨਾ ਮਿਲਣ ’ਤੇ ਦੇਰ ਰਾਤ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਮੌਕੇ ’ਤੇ ਪੁੱਜੇ ਤੇ ਐੱਸਐੱਸਪੀ ਅਭਿਮਨਿਊ ਰਾਣਾ ਤੋਂ ਵਿਸਥਾਰਤ ਰਿਪੋਰਟ ਮੰਗੀ। ਉਨ੍ਹਾਂ ਦੱਸਿਆ ਕਿ ਐੱਸਪੀ (ਆਈ) ਅਜੈਰਾਜ ਸਿੰਘ ਦੀ ਅਗਵਾਈ ’ਚ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਸਰਪੰਚ ਕੁਲਦੀਪ ਸਿੰਘ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

ਸ਼ਬ ਇੰਸਪੈਕਟਰ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ ਐਕਸ ਗ੍ਰੇਸ਼ੀਆ ਰਾਸ਼ੀ : ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ ਸ਼ਹੀਦ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ, ਜਿਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਦੀ ਅਥਾਹ ਹਿੰਮਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕਰੇਗੀ ਅਤੇ HDFC ਬੈਂਕ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਦੀ ਅਦਾਇਗੀ ਕਰੇਗਾ। ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਉਨ੍ਹਾਂ ਦੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਅਤੇ ਬਹਾਦਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ।