ਭਿੱਖੀਵਿੰਡ, 28 ਅਗਸਤ 2024 : ਉਪ ਮੰਡਲ ਮੈਜਿਸਟਰੇਟ ਭਿੱਖੀਵਿੰਡ ਸ੍ਰ. ਕਿਰਪਾਲਵੀਰ ਸਿੰਘ ਨੇ ਅੱਜ ਇਲਾਕ਼ੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਵੱਲੋਂ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਦਿੱਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਸਕੇ। ਮੀਟਿੰਗ ਦੌਰਾਨ ਸ੍ਰ. ਕਿਰਪਾਲ ਵੀਰ ਸਿੰਘ ਵੱਲੋਂ ਸਮੂਹ ਸਕੂਲ ਦੇ ਮੁਖੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਏ। ਉਹਨਾਂ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਲਈ ਦਿੱਤੀਆਂ ਗਈਆਂ 28 ਤਰ੍ਹਾਂ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਸਕੂਲੀ ਬੱਸ ਦੇ ਡਰਾਈਵਰ ਦਾ ਯੂਨੀਫੋਮ ਵਿੱਚ ਹੋਣਾ ਲਾਜ਼ਮੀ ਹੈ, ਸਕੂਲ ਵੈਨ ਵਿੱਚ ਅੱਗ ਬੁਝਾਊ ਜੰਤਰ ਹੋਣਾ ਜਰੂਰੀ ਹੈ, ਬੱਸ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ, ਕਿਸੇ ਇੱਕ ਵੀ ਫੀਮੇਲ ਬੱਚੀ ਦੇ ਬਸ ਵਿੱਚ ਸਫਰ ਕਰਦੇ ਹੋਏ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ, ਬੱਸ ਵਿੱਚ ਸਪੀਡ ਗਵਰਨਰ ਲੱਗੇ ਹੋਣੇ ਚਾਹੀਦੇ ਹਨ, ਐਮਰਜੰਸੀ ਕਿਟ ਹੋਣੀ ਚਾਹੀਦੀ ਹੈ, ਫਸਟ ਏਡ ਕਿੱਟ ਮੌਜੂਦ ਹੋਣੀ ਚਾਹੀਦੀ ਹੈ ਜਿਸ ਵਿੱਚ ਪਾਈਆਂ ਜਾਣ ਵਾਲੀਆਂ ਦਵਾਈਆਂ ਦੀ ਡੇਟ ਐਕਸਪਾਇਰ ਨਹੀਂ ਹੋਣੀ ਚਾਹੀਦੀ, ਬਸ ਵਿੱਚ ਸਿਟਿੰਗ ਕਪੈਸਿਟੀ ਤੋਂ ਜਿਆਦਾ ਬੱਚੇ ਨਹੀਂ ਹੋਣੇ ਚਾਹੀਦੇ, ਸਕੂਲ ਵੈਨ ਤੇ ਸਕੂਲ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਅਤੇ ਜੇਕਰ ਸਕੂਲ ਨੇ ਵੈਨ ਕਿਰਾਏ ਤੇ ਹਾਈਅਰ ਕੀਤੀ ਹੈ ਤੇ ਉਸ ਉੱਪਰ ਓਨ ਸਕੂਲ ਡਿਊਟੀ ਲਿਖਿਆ ਹੋਣਾ ਚਾਹੀਦਾ। ਉਹਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਆਪਣੇ ਸਕੂਲਾਂ ਦੀਆਂ ਸਾਰੀਆਂ ਸਕੂਲ ਬੱਸਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਅਪਡੇਟ ਕੀਤਾ ਜਾਵੇ। ਮੀਟਿੰਗ ਦੌਰਾਨ ਉਪ ਮੰਡਲ ਮਜਿਸਟਰੇਟ ਵੱਲੋਂ ਸਖਤ ਚੇਤਾਵਨੀ ਦਿੰਦੇ ਕਿਹਾ ਗਿਆ ਕਿ ਜੇਕਰ ਚੈਕਿੰਗ ਦੌਰਾਨ ਕਿਸੇ ਵੀ ਸਕੂਲ ਬੱਸ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਸਬੰਧਿਤ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਖੀ ਅਤੇ ਐਸਡੀਐਮ ਦਫਤਰ ਭਿੱਖੀਵਿੰਡ ਦਾ ਸਟਾਫ ਹਾਜ਼ਰ ਸਨ।