- ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ ਫੜੀ ਗਈ 60 ਕਿੱਲੋ ਸਿੰਗਲ ਯੂਜ਼ ਪਲਾਸਟਿਕ, 05 ਦੁਕਾਨਦਾਰਾਂ ਦੇ ਕੱਟੇ ਚਲਾਨ
ਤਰਨ ਤਾਰਨ, 21 ਜੁਲਾਈ : ਵਧੀਕ ਡਿਪਟੀ ਕਮਿਸ਼ਨਰ ਜਨਰਲ ਤਰਨ ਤਾਰਨ ਸ਼੍ਰੀਮਤੀ ਅਮਨਿੰਦਰ ਕੌਰ ਦੀ ਅਗਵਾਈ ਹੇਠ ਅੱਜ ਤਰਨ ਤਾਰਨ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ‘ਤੇ ਸਿੰਗਲ ਯੂਜ਼ ਪਲਾਸਟਿਕ ਫੜਨ ਲਈ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਦੁਕਾਨਦਾਰਾ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਵੱਲੋਂ ਵਰਤੇ ਜਾ ਰਹੇ ਸਿੰਗਲ ਯੂਜ ਪਲਾਸਟਿਕ ਅਤੇ ਪਲਾਸਟਿਕ ਕੈਰੀ ਬੈਗਜ਼ ਦੀ ਲਗਭਗ 60 ਕਿਲੋ ਦੀ ਮਾਤਰਾ ਜ਼ਬਤ ਕੀਤੀ ਗਈ ਅਤੇ 05 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। । ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਮੁਕੰਮਲ ਤੌਰ ‘ਤੇ ਬੰਦ ਕੀਤੀ ਜਾਵੇ ਨਹੀਂ ਤਾਂ ਲਗਾਤਾਰ ਕਾਰਵਾਈਆਂ ਕਰਦਿਆਂ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਖਰੀਦਦਾਰੀ ਕਰਨ ਸਮੇਂ ਘਰ ਤੋਂ ਹੀ ਕੱਪੜੇ ਦੇ ਬਣੇ ਬੈਗ ਲੈ ਕੇ ਜਾਇਆ ਜਾਵੇ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਜੋ ਕਿ ਸਿਹਤ ਅਤੇ ਵਾਤਾਵਰਣ ਲਈ ਹਾਨੀਕਾਰਕ ਹੈ, ਇਸ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਅਤੇ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਪਲਾਸਟਿਕ ਉਤਪਾਦਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੇ ਨੋਟਿਫਿਕੇਸ਼ਨ ਤਹਿਤ ਸਿੰਗਲ ਯੂਜ਼ ਪਲਾਸਟਿਕ ਜਿਵੇਂ ਕਿ ਈਅਰ ਬੱਡ ਪਲਾਸਟਿਕ ਸਟਿੱਕ ਵਾਲੇ, ਪਲਾਸਟਿਕ ਸਟਿੱਕ ਵਾਲੇ ਗੂਬਾਰੇ, ਪਲਾਸਟਿਕ ਦੇ ਝੰਡੇ, ਕੁਲਫੀ ਦੀ ਡੰਡੀ ਪਲਾਸਟਿਕ ਵਾਲੀ, ਆਇਸ ਕਰੀਮ ਸਟਿੱਕ, ਪਲਾਸਟਿਕ/ਥਰਮੋਕੋਲ ਦੇ ਫੁੱਲਾਂ ਵਾਲੀ ਸਜਾਵਟ, ਪਲੇਟ, ਕੱਪ, ਗਲਾਸ, ਕਾਟੇਂ, ਚਮਚੇ, ਚਾਕੂ, ਸਟਰਾਅ, ਟਰੇਅ, ਰੈਪਿੰਗ ਜਾਂ ਪੈਕਿਗ ਮਟੀਰੀਅਲ, ਮਠਾਈ ਦੇ ਡੱਬੇ ਉੱਤੇ ਪਲਾਸਟਿਕ ਰੈਪ, ਇਨਵੀਟੇਸ਼ਨ ਕਾਰਡ, ਸਿਗਰੇਟ ਪੈਕਿਗ ਪਲਾਸਟਿਕ ਜਾਂ ਪੀ. ਵੀ. ਸੀ ਬੈਨਰ, ਪਲਾਸਟਿਕ ਆਇਟਿਮ, ਪਲਾਸਟਿਕ ਬੋਤਲ ਪਾਣੀ ਵਾਲੀ, ਸਟੋਰ ਕਰਨ ਲਈ ਬਰਤਨ, ਖਾਣੇ ਨੂੰ ਪੈਕ ਕਰਨ ਵਾਲਾ ਰੈਪ ਆਦਿ ਦੀ ਵਰਤੋਂ ‘ਤੇ ਮਨਾਹੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਹੁਕਮਾ ਦੀ ਉਲੰਘਣਾ ਕਰਨ ‘ਤੇ ਵਾਤਾਵਰਣ ਸੁਰੱਖਿਆ ਐਕਟ 1986 ਦੇ ਤਹਿਤ ਅਤੇ ਸੈਨੀਟੇਸ਼ਨ ਬਾਇਲਾਜ 2020 ਦੇ ਤਹਿਤ ਸਮਾਨ ਜ਼ਬਤ ਕੀਤਾ ਜਾਵੇਗਾ ਅਤੇ ਚਾਲਾਨ ਵੀ ਕੱਟ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਤਰਨ ਤਾਰਨ, ਐਸ. ਐਚ. ਓ. ਸਿਟੀ ਤਰਨ ਤਾਰਨ, ਐਸ. ਡੀ. ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਅੰਮ੍ਰਿਤਸਰ, ਅਤੇ ਮਾਰਕੀਟ ਕਮੇਟੀ ਤਰਨ ਤਾਰਨ ਦੇ ਅਧਿਕਾਰੀ ਸ਼ਾਮਿਲ ਸਨ।