ਗਣਤੰਤਰ ਦਿਵਸ ਸਮਾਗਮਾਂ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਪੂਰੀ ਤਰਾਂ ਮੁਸ਼ਤੈਦ-ਇੰਦਰਬੀਰ ਸਿੰਘ, ਡੀ.ਆਈ.ਜੀ 

  • ਸ੍ਰੀ ਇੰਦਰਬੀਰ ਸਿੰਘ, ਡੀ.ਆਈ.ਜੀ (ਪੀ.ਏ.ਪੀ) ਵਲੋਂ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ-ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

ਬਟਾਲਾ, 24 ਜਨਵਰੀ 2025 : ਸ੍ਰੀ ਇੰਦਰਬੀਰ ਸਿੰਘ, ਡੀ.ਆਈ.ਜੀ (ਪੀ.ਏ.ਪੀ) ਵਲੋਂ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਪੁਲਿਸ ਲਾਈਨ ਬਟਾਲਾ ਵਿਖੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ, ਸ੍ਰੀਮਤੀ ਜਸਵੰਤ ਕੋਰ ਐਸ.ਪੀ (ਐੱਚ) ਸਮੇਤ ਸਮੂਹ ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਆਦਿ ਮੋਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ.ਆਈ.ਜੀ, ਇੰਦਰਬੀਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਏ ਹਨ ਅਤੇ ਪੂਰੇ ਜ਼ਿਲ੍ਹੇ ਅੰਦਰ ਮੁਸ਼ਤੈਦੀ ਵਰਤੀ ਜਾ ਰਹੀ ਹੈ। ਡੀ.ਆਈ.ਜੀ ਇੰਦਰਬੀਰ ਸਿੰਘ ਨੇ ਅੱਗੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਬਟਾਲਾ ਪੁਲਿਸ, ਗਣਤੰਤਰ ਦਿਵਸ ਸਮਾਗਮਾਂ ਸਬੰਧੀ ਪੂਰੀ ਤਰਾਂ ਮੁਸ਼ਤੈਦ ਹੈ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਹੋਰ ਨਕੇਲ ਕੱਸਣ ਲਈ ਵਿਸ਼ੇਸ ਨਾਕਿਆਂ ਆਦਿ ਰਾਹੀਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਕੀਤੇ ਪ੍ਰਬੰਧਾਂ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਕਰੀਬ 1000 ਪੁਲਿਸ ਕਰਮਚਾਰੀ ਅਤੇ ਰਾਤ ਸਮੇਂ ਕਰੀਬ 600 ਪੁਲਿਸ ਕਰਮਚਾਰੀਆਂ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਅਮਨ ਅਮਾਨ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹੇ ਜਾਣਗੇ।