- ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਪੁਲਿਸ ਨੇ ਕਈ ਕੇਸਾਂ ਵਿੱਚ ਲੋੜੀਂਦੇ ਬਦਨਾਮ ਅਪਰਾਧੀ ਨੂੰ ਕੀਤਾ ਕਾਬੂ
ਪਠਾਨਕੋਟ, 4 ਮਈ : ਪਠਾਨਕੋਟ ਪੁਲਿਸ ਨੇ ਇੱਕ ਤਿੱਖੀ ਕਾਰਵਾਈ ਕਰਦੇ ਹੋਏ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਬਦਨਾਮ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦੋ ਪੀੜਤਾ ਨੀਲਮ ਕੁਮਾਰੀ ਦੁਪਹਿਰ ਦਾ ਖਾਣਾ ਖਾਣ ਲਈ ਘਰ ਜਾ ਰਹੀ ਸੀ ਤਦ ਕਾਲੇ ਰੰਗ ਦੇ ਮੋਟਰਸਾਈਕਲ ਉੱਤੇ ਸਵਾਰ ਦੋ ਲੜਕਿਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਇੱਕ ਲੜਕੇ ਨੇ ਝਪਟਮਾਰ ਕੀਤੀ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸਦੀ 4 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੌਬਿਨ ਅਤੇ ਵਿਸ਼ਾਲ ਵਾਸੀ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ, ਜਿਨ੍ਹਾਂ ਨੂੰ ਪਠਾਨਕੋਟ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਚੋਰੀ ਕੀਤਾ ਸੋਨਾ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਪ੍ਰੈੱਸ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਛੋਟੇ ਅਪਰਾਧਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਹਰ ਸਬ-ਡਵੀਜ਼ਨ ਵਿੱਚ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, 24 ਘੰਟੇ ਚੌਕਸੀ ਬਣਾਈ ਰੱਖਣ ਲਈ ਸਾਰੇ ਪ੍ਰਮੁੱਖ ਅਤੇ ਮਹੱਤਵਪੂਰਨ ਪੁਆਇੰਟਾਂ ਨੂੰ ਉੱਚ ਤਕਨੀਕ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ। ਉਕਤ ਘਟਨਾ ਦੇ ਸਬੰਧ ਵਿੱਚ ਡੀ.ਐੱਸ.ਪੀ ਸਿਟੀ ਲਖਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਥਾਣਾ ਡਵੀਜ਼ਨ ਨੰਬਰ 2 ਦੀ ਐੱਸ.ਐੱਚ.ਓ.ਦੀ ਅਗਵਾਈ ਵਾਲੀ ਟੀਮ ਨੇ ਥਾਣਾ ਸਦਰ ਵਿਖੇ ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ‘ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਟੀਮ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸਾਰੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਡਿਜੀਟਲ ਨਿਸ਼ਾਨਾਂ ਦੀ ਪਾਲਣਾ ਅਤੇ ਬੁਨਿਆਦੀ ਪੁਲਿਸਿੰਗ ਤਕਨੀਕਾਂ ਦੀ ਵਰਤੋਂ ਕਰਨ ਤੋਂ ਬਾਅਦ, ਦੋਵਾਂ ਦੋਸ਼ੀਆਂ ਨੂੰ ਫੜਿਆ ਗਿਆ ਹੈ। ਪੁਲਿਸ ਪਾਰਟੀ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਨੰਬਰ ਪੀਬੀ-08-ਡੀਟੀ-7815 (ਸਪਲੇਂਡਰ) ਬਰਾਮਦ ਕੀਤਾ ਹੈ। ਦੋਸ਼ੀਆਂ ਖਿਲਾਫ ਧਾਰਾ 379-ਬੀ ਅਤੇ 34 ਆਈ.ਪੀ.ਸੀ ਤਹਿਤ ਥਾਣਾ ਡਵੀਜ਼ਨ ਨੰਬਰ 02 ਪਠਾਨਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।ਐਸਐਸਪੀ ਖੱਖ ਨੇ ਜਾਂਚ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਅਸੀਂ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਵਚਨਬੱਧ ਹਾਂ ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੀ ਟੀਮ ਨੇ ਇਸ ਕੇਸ ਨੂੰ ਸੁਲਝਾਉਣ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਅਣਥੱਕ ਮਿਹਨਤ ਕੀਤੀ ਹੈ।” ਮੁਲਜ਼ਮ ਰੋਬਿਨ ਅਤੇ ਵਿਸ਼ਾਲ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਮੀਸ ਮੰਡੀ ਸੁਜਾਨਪੁਰ ਦੇ ਰਹਿਣ ਵਾਲੇ ਰੋਬਿਨ ਤੇ ਪਹਿਲਾਂ ਵੀ ਸੁਜਾਨਪੁਰ ਪਠਾਨਕੋਟ ਪੁਲਿਸ ਸਟੇਸ਼ਨ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 379 ਅਤੇ 411 ਦੇ ਤਹਿਤ ਮੁਕੱਦਮ ਦਰਜ ਹੈ ਅਤੇ ਇਸ ਤੋਂ ਇਲਾਵਾ, ਉਹ ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਵਿਖੇ ਐਫਆਈਆਰ ਨੰਬਰ 131, ਮਿਤੀ 02.08.2022 ਵਿਚ ਦਰਸਾਏ ਅਨੁਸਾਰ ਜੇਲ੍ਹ ਐਕਟ ਦੀ ਧਾਰਾ 46 ਦੇ ਤਹਿਤ ਵੀ ਪੁਲਿਸ ਨੂੰ ਲੋੜੀਂਦਾ ਸੀ। ਐਸਐਸਪੀ ਖੱਖ ਨੇ ਅੱਗੇ ਕਿਹਾ ਕਿ ਪਠਾਨਕੋਟ ਪੁਲਿਸ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਜ਼ਿਲ੍ਹੇ ਵਿੱਚ ਵਾਪਰੀਆਂ ਲੁੱਟਾਂ-ਖੋਹਾਂ ਦੀਆਂ ਹਰ ਵਾਰਦਾਤਾਂ ਨੂੰ ਸਫਲਤਾਪੂਰਵਕ ਟਰੇਸ ਕੀਤਾ ਹੈ। ਇਹ ਗ੍ਰਿਫਤਾਰੀ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਉਹ ਕਾਨੂੰਨ ਤੋਂ ਨਹੀਂ ਬਚਣਗੇ। ਪਠਾਨਕੋਟ ਪੁਲਿਸ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਦੀ ਰਹੇਗੀ।