ਅੰਮ੍ਰਿਤਸਰ, 10 ਮਈ : ਚੋਗਾਵਾਂ ਤੋਂ ਲੋਪੋਕੇ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਵਾਲੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਵਿੱਚ ਇੱਕ ਰਾਹਗੀਰ ਦੀ ਝੁਲਸ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੋਹਾਲਾ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ । ਖੇਤਾਂ ਵਿੱਚ ਅੱਗ ਲੱਗੀ ਹੋਣ ਕਰਕੇ ਸੜਕ 'ਤੇ ਭਾਰੀ ਧੂੰਆਂ ਅਤੇ ਸੇਕ ਸੀ । ਜਿਸ ਕਾਰਨ ਸੁਖਦੇਵ ਸਿੰਘ ਆਪਣਾ ਤਵਾਜ਼ਨ ਬਰਕਰਾਰ ਨਾ ਰੱਖ ਸਕਿਆ ਅਤੇ ਅੱਗ ਦੀ ਲਪੇਟ ਵਿਚ ਆ ਗਿਆ। ਰਾਹਗੀਰ ਦਾ ਮੋਟਰ ਸੜ ਕੇ ਸੁਆਹ ਹੋ ਗਿਆ ਅਤੇ ਉਹ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਿਆ। ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਅੱਗ ਵਿੱਚੋਂ ਬਾਹਰ ਕੱਢਿਆ ਅਤੇ 108 ਐਂਬੂਲੈਂਸ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੁਖਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੁਲਿਸ ਥਾਣਾ ਲੋਪੋਕੇ ਘਟਨਾ ਸਥਾਨ ਤੋਂ ਕੁਝ ਕੁ ਗਜ਼ ਦੀ ਦੂਰੀ 'ਤੇ ਹੈ। ਇਸ ਦੇ ਨਾਲ ਹੀ ਘਟਨਾ ਸਥਾਨ ਤੋਂ 50 ਗਜ਼ ਦੀ ਦੂਰੀ 'ਤੇ ਇੱਕ ਸਕੂਲ ਵੀ ਹੈ, ਜਿੱਥੇ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਦੇ ਹਨ । ਇਹ ਦੁਖਦਾਈ ਘਟਨਾ ਤੋਂ 15 ਕੁ ਮਿੰਟ ਪਹਿਲਾਂ ਹੀ ਸਕੂਲ ਵਿੱਚੋਂ ਛੁੱਟੀ ਹੋ ਗਈ ਸੀ ਨਹੀਂ ਤਾਂ ਹੋਰ ਵੀ ਵੱਡਾ ਹਾਦਸਾ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ। ਇਸ ਸਬੰਧੀ ਥਾਣਾ ਲੋਪੋਕੇ ਦੇ ਐਸਐਚਓ ਮੁਖਤਿਆਰ ਸਿੰਘ ਨੇ ਕਿਹਾ ਮਾਮਲੇ ਦੀ ਪੜਤਾਲ ਕਰਕੇ ਨਾੜ ਨੂੰ ਅੱਗ ਲਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।