ਅੰਮ੍ਰਿਤਸਰ, 7 ਜਨਵਰੀ, 2025 : ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਦੇ ਪਿਤਾ ਵੱਲੋਂ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ। ਦੱਸਿਆ ਜਾ ਰਿਹਾ ਹੈ ਕਿ ਤਰਸੇਮ ਸਿੰਘ ਨੇ ਮੁਹਾਲੀ ਵਿਚ ਚਲ ਰਹੇ ਕੌਮੀ ਇਨਸਾਫ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾਣੀ ਸੀ। ਉਹਨਾਂ ਨੂੰ ਇਥੇ ਆਉਣ ਤੋਂ ਰੋਕਣ ਵਾਸਤੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਵਲੋਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਕੌਮੀ ਇਨਸਾਫ ਮੋਰਚੇ ਦਾ ਦੂਜਾ ਸਾਲ ਹੈ। ਉਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ ਵਿਚ ਅਸੀਂ ਸ਼ਾਮਿਲ ਹੋਣਾ ਸੀ ਪਰ ਰਾਤ ਤੋਂ ਹੀ ਪੂਰੇ ਪਿੰਡ ਦੇ ਵਿੱਚ ਪੁਲਿਸ ਦੇ ਵੱਲੋਂ ਫੋਰਸ ਤੈਨਾਤ ਕੀਤੀ ਗਈ ਹੈ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਹੈ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ, ਸਰਕਾਰ ਡੈਮੋਕਰੇਸੀ ਦਾ ਘਾਣ ਕਰ ਰਹੀ ਹੈ। ਸੰਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸੰਗਤਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ ਤੇ ਪਹੁੰਚੋ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ ਚ ਆਵਾਜ਼ ਬੁਲੰਦ ਕਰੋ।