ਅੰਮ੍ਰਿਤਸਰ, 18 ਫਰਵਰੀ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਰਣਜੀਤ ਐਵੇਨਿਊ ਸਥਿਤ ਖੇਤੀਬਾੜੀ ਆਫਿਸ ਤੇ ਬੀਡੀਪੀਓ ਵੇਰਕਾ, ਬੀਡੀਪੀਓ ਚੌਗਾਵਾਂ ਵਿਚ ਛਾਪਾ ਮਾਰਿਆ ਤੇ ਡਿਊਟੀ ‘ਤੇ ਗੈਰ-ਹਾਜ਼ਰ ਮੁਲਾਜ਼ਮਾਂ ਦੀ ਕਲਾਸ ਲਗਾਈ। ਉਨ੍ਹਾਂ ਕਿਹਾ ਕਿ ਸੁਧਰ ਜਾਓ ਨਹੀਂ ਤਾਂ ਅਗਲੀ ਵਾਰ ਡਿਊਟੀ ਵਿਚ ਗੈਰ-ਹਾਜ਼ਰ ਹੋਏ ਤਾਂ ਸਸਪੈਂਡ ਕਰ ਦਿੱਤੇ ਜਾਓਗੇ। ਧਾਲੀਵਾਲ ਨੇ ਕਿਹਾ ਕਿ ਮੁਲਾਜ਼ਮ ਮੁਲਾਜ਼ਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ‘ਤੇ ਹਾਜ਼ਰ ਰਹੇ। ਧਾਲੀਵਾਲ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕਿਹਾ ਕਿ ਲੋਕ ਦੂਰ-ਦੂਰ ਤੋਂ ਆਪਣਾ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਵਿਚ ਪਹੁੰਚਦੇ ਹਨ ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾ ਹੋਣ ‘ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਅਸਰ ਸਰਕਾਰ ਦੇ ਅਕਸ ‘ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਤੇ ਸਾਡੀ ਸਰਕਾਰ ਭ੍ਰਿਸ਼ਟਾਚਾਰ ‘ਤੇ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ।