- ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚੋਂ ਲਿਫਟਿੰਗ ਨਿਰੰਤਰ ਜਾਰੀ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ 29 ਅਕਤੂਬਰ 2024 : ਅਜਨਾਲਾ ਹਲਕੇ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਕਿਸਾਨ ਵੱਲੋਂ ਪੈਦਾ ਕੀਤੀ ਗਈ ਫਸਲ ਦਾ ਇੱਕ ਇੱਕ ਦਾਣਾ ਖਰੀਦੇਗੀ ਅਤੇ ਕਿਸੇ ਨੂੰ ਵੀ ਨਮੀ ਦੇ ਨਾਂ ਹੇਠ ਕਿਸਾਨਾਂ ਦੀ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਮੰਡੀ ਦੇ ਹਾਲਾਤ ਇਹ ਹਨ ਕਿ ਉਹ ਕਿਸਾਨ ਸੁੱਕੀ ਫਸਲ ਲੈ ਕੇ ਆਵੇ ਅਤੇ ਉਸੇ ਦਿਨ ਹੀ ਉਸ ਦੀ ਖਰੀਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਝੋਨੇ ਦੀ ਖਰੀਦ ਸਬੰਧੀ ਲਗਾਤਾਰ ਕੇਂਦਰ ਸਰਕਾਰ ਨਾਲ ਰਾਬਤਾ ਰੱਖ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਲਗਾਤਾਰ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ ਪਰ ਕੇਂਦਰ ਦੀਆਂ ਸਰਕਾਰਾਂ ਕਿਸਾਨ ਨੂੰ ਉਤਸ਼ਾਹਤ ਕਰਨ ਦੀ ਥਾਂ ਲਗਾਤਾਰ ਪਰੇਸ਼ਾਨ ਕਰ ਰਹੀਆਂ ਹਨ, ਜਿਸ ਦੇ ਸਿੱਟੇ ਵਜੋਂ ਝੋਨੇ ਦੀ ਖਰੀਦ ਵਿੱਚ ਸਮੱਸਿਆ ਪੈਦਾ ਹੋਈ ਸੀ ਪਰ ਇਸ ਨੂੰ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਲਗਭਗ ਹੱਲ ਕਰ ਲਿਆ ਗਿਆ ਹੈ। ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ 29 ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਨਾਲ ਨਾਲ ਲਿਫਟਿੰਗ ਦਾ ਕੰਮ ਵੀ ਨਿਰੰਤਰ ਜਾਰੀ ਹੈ। ਉਹਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਝੋਨੇ ਉੱਤੇ ਕੱਟ ਲਗਾਉਣ ਦੀਆਂ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਜਦਕਿ ਉਹਨਾਂ ਵਿੱਚ ਰਤੀ ਪਰ ਸੱਚਾਈ ਨਹੀਂ ਹੈ , ਜੇਕਰ ਕਿਸੇ ਨੂੰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਰਾਬਤਾ ਕਰੇ ਤੁਰੰਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 638592 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 446224 ਮੀਟਰਕ ਟਨ ਬਾਸਮਤੀ ਸੀ, ਜਿਸ ਨੂੰ ਵਪਾਰੀਆਂ ਨੇ ਖਰੀਦ ਲਿਆ ਜਦਕਿ ਆਏ ਹੋਏ ਤਕਰੀਬਨ 192368 ਮੀਟਰਕ ਟਨ ਝੋਨੇ ਵਿੱਚੋਂ 191332 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਲਿਫਟਿੰਗ ਵਿੱਚ ਵੀ ਕੋਈ ਕਮੀ ਨਹੀਂ ਹੈ ਅਤੇ ਇਸ ਵੇਲੇ ਕੁੱਲ ਖਰੀਦ ਕੀਤੇ ਗਏ ਝੋਨੇ ਵਿੱਚੋਂ 60 ਫੀਸਦੀ ਤੋਂ ਵੱਧ ਦੀ ਲਿਫਟਿੰਗ ਮੰਡੀਆਂ ਵਿੱਚੋਂ ਕੀਤੀ ਜਾ ਚੁੱਕੀ ਹੈ ।ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਸ ਅਮਨਦੀਪ ਸਿੰਘ , ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਸ਼੍ਰੀ ਸਰਤਾਜ ਸਿੰਘ ਅਤੇ ਵੱਖ ਵੱਖ ਏਜੰਸੀਆਂ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।