- ਰਾਵੀ ਦਰਿਆ ਵਿਚ ਪਾਣੀ ਦੀ ਸਥਿਤੀ ਕੰਟਰੋਲ ਹੇਠ, ਘਬਰਾਉਣ ਦੀ ਨਹੀਂ ਚੌਕਸ ਰਹਿਣ ਦੀ ਲੋੜ
ਅੰਮ੍ਰਿਤਸਰ 20 ਜੁਲਾਈ : ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਵਿਚ ਬੀਤੀ ਸ਼ਾਮ ਉਂਜ ਦਰਿਆ ਤੋਂ ਛੱਡੇ ਪਾਣੀ ਕਾਰਨ ਪੈਦਾ ਹੋਏ ਹਲਾਤ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਬੀਤੇ ਕੱਲ ਉਂਜ ਤੋਂ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਵਿਚੋਂ ਪਿੰਡ ਘੋਨੇਵਾਲ ਵਿਖੇ 2.18 ਲੱਖ ਕਿਊਸਿਕ ਪਾਣੀ ਆ ਕੇ ਲੰਘ ਚੁੱਕਾ ਹੈ ਅਤੇ ਥੋੜੇ ਸਮੇਂ ਵਿੱਚ ਹੀ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਰਾਵੀ ਦੇ ਹਾਲਾਤ ਨਾਜ਼ੁਕ ਹਨ ਪਰ ਸਥਿਤੀ ਕੰਟਰੋਲ ਹੇਠ ਹੈ। ਸ: ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਘੋਨੇਵਾਲ ਅਤੇ ਸਹਾਰਨ ਵਿਖੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਦੱਸਿਆ ਕਿ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ ਹੋਇਆ ਹੈ ਪਰ ਚੰਗੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨਾਂ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਕਰਤਾਰਪੁਰ ਕੋਰੀਡੋਰ ਨੂੰ ਤਿੰਨ ਦਿਨ ਸੰਗਤਾਂ ਲਈ ਬੰਦ ਕੀਤਾ ਗਿਆ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਹੋ ਸਕੇ। ਉਨਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਹੇਠਾਂ ਆਉਣ ਤੇ ਕਰਤਾਰਪੁਰਾ ਕੋਰੀਡੋਰ ਖੋਲ੍ਹ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਸੀਂ ਲੋਕਾਂ ਨਾਲ ਖੜੇ ਹਾਂ। ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ, ਗੁਰਦਾਸਪੁਰ, ਪੁਲਿਸ ਫੌਜ, ਬੀ.ਐਸ.ਐਫ ਸਾਰੀ ਇਕ ਟੀਮ ਵਜੋਂ ਕਿਸੇ ਵੀ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰ ਹੈ। ਸ: ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਪੂਰੀ ਤਰਾਂ ਉਨਾਂ ਦੇ ਨਾਲ ਖੜ੍ਹੀ ਹੈ। ਉਨਾਂ ਦੱਸਿਆ ਕਿ ਉਹ ਰਾਤ 1:00 ਵਜੇ ਤੱਕ ਖ਼ੁਦ ਇਥੇ ਰਹੇ ਹਨ ਅਤੇ ਅੱਜ ਫਿਰ ਇੱਥੇ ਚੱਲ ਰਹੇ ਕੰਮ ਵੇਖ ਰਹੇ ਹਾਂ। ਉਨਾਂ ਦੱਸਿਆ ਕਿ ਜਿਨਾਂ ਥਾਵਾਂ ’ਤੇ ਧੁੱਸੀ ਬੰਨ੍ਹ ਕਮਜੋਰ ਹੈ, ਉਥੇ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਥੋਂ ਦੇ ਲੋਕ ਬਹਾਦੁਰ ਹਨ, ਕਿਉਂਕਿ ਰਾਵੀ ਕਈ ਵਾਰ ਚੜ੍ਹਿਆ ਹੈ ਅਤੇ ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ, ਅਸੀਂ ਸਾਰੇ ਮਿੱਲਜੁਲ ਕੇ ਇਸ ਆਫਤ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ। ਸ: ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਵੀ ਦੇ ਨਜਦੀਕ ਨਾ ਜਾਣ ਅਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਰੁਣ ਕੁਮਾਰ ਅਤੇ ਹੋਰ ਅਧਿਕਾਰੀ ਮੌਕੇ ਉਤੇ ਹਾਜ਼ਰ ਸਨ।