ਅੰਮ੍ਰਿਤਸਰ, 18 ਅਪ੍ਰੈਲ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸਰਧਾਲੂਆਂ ਸਬੰਧੀ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ਤੇ ਆ ਰਹੀਆਂ ਦੁਖ ਦਾਇਕ ਖਬਰਾਂ ਤੇ ਕੂੜ ਪ੍ਰਚਾਰ ਸਬੰਧੀ ਟਿਪਣੀ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸਰਧਾਲੂ ਮਰਯਾਦਾ ਦਾ ਪੂਰਨ ਖਿਆਲ ਰੱਖਣ ਅਤੇ ਇਸ ਪਾਵਨ ਪਵਿੱਤਰ ਅਸਥਾਨ ਨੂੰ ਪਿਕਨਿਕ ਸਪਾਟ ਨਾ ਸਮਝਣ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਵਿਖੇ ਪਿਛਲੇ ਦਿਨੀ ਪੁਜਣ ਵਾਲੀ ਇਕ ਸ਼ਰਧਾਲੂ ਬਾਰੇ ਜੋ ਮੀਡੀਏ ਰਾਹੀਂ ਗੰੁਮਰਾਹ ਕੁੰਨ ਪ੍ਰਾਚਰ ਕੀਤਾ ਜਾ ਰਿਹਾ ਹੈ ਉਹ ਬੇਹੱਦ ਅਫਸੋਸ ਜਨਕ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਲੋਕ ਪਬਲੀਸਿਟੀ ਹਾਸਲ ਕਰਨ ਲਈ ਅਜਿਹੇ ਹੱਥ ਕੰਡੇ ਵਰਤਦੇ ਹਨ ਜਿਸ ਨਾਲ ਦੇਸ਼ ਅੰਦਰ ਫਿਰਕੂ ਭਾਵਨਾ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੱਚੀ ਸੁੱਚੀ ਸ਼ਰਧਾ ਭਾਵਨਾ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣਾ ਚਾਹੀਦਾ ਹੈ। ਅਜਿਹੇ ਵਸਤਰਾਂ ਦੀ ਵਰਤੋਂ ਹਰਗਿਜ ਨਾ ਕੀਤੀ ਜਾਵੇ ਜਿਸ ਨਾਲ ਮਰਯਾਦਾ ਵਿੱਚ ਖਲਲ ਪੈਂਦਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਇਕ ਅਖੌਤੀ ਔਰਤ ਵੱਲੋਂ ਤਰੰਗੇ ਦਾ ਸਹਾਰਾ ਲੈ ਕਿ ਜਿਸ ਤਰੀਕੇ ਨਾਲ ਕੂੜ ਪ੍ਰਚਾਰ ਕੀਤਾ ਹੈ ਉਹ ਉਚਿਤ ਨਹੀਂ ਹੈ। ਉਸ ਦੀ ਭਾਵਨਾ ਤੇ ਕਿਰਿਆ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਵਿਰੁੱਧ ਇਕ ਗਿਣੀ ਮਿਥੀ ਸਾਜਿਸ਼ ਤਹਿਤ ਮਨਘੜਤ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੇ ਸ਼ਰਾਰਤੀ ਲੋਕ ਕਿਸੇ ਨੇ ਕਿਸੇ ਦੇ ਹੱਥ ਠੋਕੇ ਬਣ ਕੇ ਸਮੁੱਚੇ ਪ੍ਰਬੰਧ ਤੇ ਕੌਮ ਨੂੰ ਬਦਨਾਮ ਕਰਨ ਦਾ ਜਤਨ ਕਰਦੇ ਹਨ ਜੋ ਹਿਰਦੇਵਕ ਤੇ ਦੁਖਦਾਇਕ ਹੈ।