- ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਧੁੱਸੀ ਬੰਨ ਦੇ ਪ੍ਰੋਜੈਕਟ ਨੂੰ ਤਹਿ-ਸਮੇਂ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ
- ਹੜ੍ਹਾਂ ਦੇ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਤਿਆਰ - ਡਿਪਟੀ ਕਮਿਸ਼ਨਰ
ਗੁਰਦਾਸਪੁਰ, 05 ਜੁਲਾਈ 2024 : ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਬਿਆਸ ਦਰਿਆ ਦੇ ਸਿੱਧਪੁਰਾ ਧੁੱਸੀ ਬੰਨ ਦੀ ਉਚਾਈ ਤੇ ਪਕਿਆਈ ਦੇ ਚੱਲ ਰਹੇ ਪ੍ਰੋਜੈਕਟ ਦਾ ਮੌਕੇ `ਤੇ ਜਾ ਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ ਅਤੇ ਡਰੇਨਜ਼ ਵਿਭਾਗ ਦੇ ਐਕਸੀਅਨ ਸ. ਦਿਲਪ੍ਰੀਤ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਧੁੱਸੀ ਬੰਨ ਨੂੰ ਉੱਚਾ ਤੇ ਮਜ਼ਬੂਤ ਕੀਤੇ ਜਾਣ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ ਤਹਿ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣਾ ਸ਼ਾਲਾ ਨੇੜੇ ਬਿਆਸ ਦਰਿਆ ਦੇ ਸਿੱਧਪੁਰਾ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਦੇ ਨਾਲ ਇਸਨੂੰ 3 ਤੋਂ 4 ਫੁੱਟ ਉੱਚਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 13 ਕਿਲੋਮੀਟਰ ਲੰਮੇ ਇਸ ਬੰਨ ਦੇ ਪ੍ਰੋਜੈਕਟ ਨੂੰ ਇਸੇ ਸਾਲ ਅਕਤੂਬਰ-ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬੀਤੇ ਸਾਲ ਪੁਰਾਣਾ ਸ਼ਾਲਾ ਦੇ ਨਜ਼ਦੀਕ ਏਸੇ ਜਗ੍ਹਾ ਤੋਂ ਧੁੱਸੀ ਬੰਨ ਵਿੱਚ ਪਾੜ ਪਿਆ ਸੀ ਜਿਸ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਆ ਗਿਆ ਸੀ। ਉਨ੍ਹਾਂ ਕਿਹਾ ਕਿ ਡਰੇਨਜ਼ ਵਿਭਾਗ ਵੱਲੋਂ ਧੁੱਸੀ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਪਾਣੀ ਧੁੱਸੀ ਬੰਨ ਉਪਰੋਂ ਓਵਰ-ਫਲੋ ਨਾ ਕਰੇ ਇਸ ਲਈ ਇਸਨੂੰ 3 ਤੋਂ 4 ਫੁੱਟ ਤੱਕ ਉੱਚਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਦੇ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ਉੱਪਰ ਚੱਲ ਰਿਹਾ ਹੈ, ਜਿਸਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ।