ਅੰਮ੍ਰਿਤਸਰ, 28 ਅਕਤੂਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ। ਧਾਮੀ ਦੇ ਹੱਕ ਵਿੱਚ 107 ਵੋਟਾਂ ਭੁਗਤੀਆਂ ਜਦਕਿ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। 2 ਵੋਟਾਂ ਹੱਦ ਹੋ ਗਈਆਂ। ਧਾਮੀ ਦੀ ਜਿੱਤ ਤੋਂ ਬਾਅਦ ਐਸਜੀਪੀਸੀ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉਨ੍ਹਾਂ ਨੇ ਧਾਮੀ ਦਾ ਮੁੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪਰ ਉਨ੍ਹਾਂ ਦੀ ਜਿੱਤ ਤੋਂ ਭੜਕਿਆ ਬਾਗੀ ਧੜਾ ਇਸ ਜਿੱਤ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਇੱਥੋਂ ਤੱਕ ਕਿ ਪ੍ਰਧਾਨ ਦੀ ਚੋਣ ਹਾਰੀ ਬੀਬੀ ਜਾਗੀਰ ਕੌਰ ਨੇ ਤਾਂ ਦੁਬਾਰਾ ਚੋਣ ਕਰਵਾਉਣ ਤੱਕ ਦੀ ਵੀ ਮੰਗ ਰੱਖ ਦਿੱਤੀ। ਆਪਣੀ ਹਾਰ ਤੋਂ ਭੜਕੀ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੈਂਬਰਾਂ ਤੇ ਕਈ ਵੱਡੇ ਅਤੇ ਗੰਭੀਰ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਜ਼ਮੀਰ ਮਰ ਚੁੱਕਾ ਹੈ। ਬੀਬੀ ਨੇ ਕਿਹਾ, “ਮੇਰਾ ਮੈਂਬਰਾਂ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ। ਮੇਰਾ ਮੰਨਣਾ ਹੈ ਕਿ ਮੁੜ ਤੋਂ ਚੋਣਾ ਹੋਣ ਅਤੇ ਸੂਝਵਾਨ ਵਿਅਕਤੀ ਅੰਦਰ ਆਉਣ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਸਾਡੇ ਨਾਲ ਸੰਪਰਕ ਵਿੱਚ ਸਨ। ਬੀਬੀ ਨੇ ਕਿਹਾ ਇਨ੍ਹਾਂ ਦਾ ਜ਼ਮੀਰ ਮਰ ਗਿਆ ਹੈ। ਇਹ ਸਾਰੇ ਲਾਸ਼ਾਂ ਹਨ। ਖਾ-ਖਾ ਕੇ ਮਰ ਗਏ ਨੇ ਸਾਰੇ।ਉਨ੍ਹਾਂ ਨੇ ਤੰਜ ਕੱਸਦਿਆਂ ਅੱਗੇ ਕਿਹਾ ਕਿ ਉਨ੍ਹਾਂ ਦੇ ਗੁੱਟ ਤੇ ਆਰੋਪ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨਾਲ ਏਜੰਸੀਆਂ ਸਨ, ਬੀਬੀ ਮੈਂਬਰ ਖਰੀਦ ਰਹੀ ਹੈ, ਪਰ ਹੁਣ ਪਤਾ ਲੱਗਾ ਕਿ ਏਜੰਸੀਆਂ ਤਾ ਇਨ੍ਹਾਂ ਨਾਲ ਸਨ। ਉਨ੍ਹਾਂ ਕਿਹਾ ਕਿ ਮੈਂਬਰਾਂ ਵੱਲੋਂ ਦਿੱਤਾ ਫਤਵਾ ਮਨਜੂਰ ਪਰ ਹੈ ਪਰ ਨਾਲ ਹੀ ਅਫਸੋਸ ਵੀ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਅਕਾਲ ਤਖ਼ਤ ਨਾਲ ਟੱਕਰ ਲੈ ਰਹੇ ਹਨ।
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਾਗੀਰ ਕੌਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜ਼ਮੀਰ ਉਨ੍ਹਾਂ ਦਾ ਮਰ ਚੁੱਕਾ ਹੈ
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਾਗੀਰ ਕੌਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜ਼ਮੀਰ ਉਨ੍ਹਾਂ ਦਾ ਆਪਣਾ ਮਰ ਚੁੱਕਾ ਹੈ। ਜ਼ਮੀਰ ਗੁਰੂ ਸਾਹਿਬ ਦੇ ਸਿਧਾਂਤ ਤੇ ਖੜੇ ਹੋਣਾ ਹੁੰਦਾ ਹੈ ਪਰ ਇਹ ਦਿੱਲੀ ਅਤੇ ਚੰਡੀਗੜ੍ਹ ਦੇ ਸਿਧਾਂਤ ਤੇ ਖੜੇ ਹਨ। ਇਹ ਖੜੇ ਹਨ ਬੀਜੇਪੀ ਅਤੇ ਆਰਐਸਐਸ ਦੇ ਸਿਧਾਂਤ ਤੇ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਨੇ ਉਨ੍ਹਾਂ ਨੂੰ ਮੁੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਕਈ ਮੈਂਬਰ ਇਨ੍ਹਾਂ ਨੇ ਪੈਸੇ ਲੈ ਕੇ ਖੜੇ ਕੀਤੇ। ਮੈਂਬਰ ਤਾਂ ਵਾਪਸ ਆ ਜਾਣਗੇ ਪਰ ਇਨ੍ਹਾਂ ਦਾ ਹੁਣ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੀ ਪੁਰਾਤਣ ਮਰਿਆਦਾ ਬਰਕਰਾਰ ਰਹੇ ਤੇ ਕੋਈ ਵੀ ਗਲਤ ਸੋਚ ਵਾਲੀ ਤਾਕਤ ਇਸ ਤੇ ਕਬਜਾ ਨਾ ਕਰ ਸਕੇ।ਉਨ੍ਹਾਂ ਨੇ ਮੈਂਬਰਾਂ ਅਤੇ ਅਕਾਲੀ ਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਚੁਣੌਤੀ ਨੂੰ ਖਿੜੇ ਮੱਥੇ ਪਰਵਾਨ ਕਰਾਂਗੇ। ਉਨ੍ਹਾਂ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਹਰ ਰੋਜ ਪੇਸ਼ ਆ ਰਹੇ ਨਵੇਂ ਮਸਲਿਆਂ ਦਾ ਮਿਲਜੁਲ ਕੇ ਹੱਲ ਕੱਢੀਏ ਅਤੇ ਗੁਰਮਤਿ ਦੇ ਅਨੁਕੂਲ ਕੰਮ ਕਰੀਏ।