ਜ਼ਿਲੇ ਦੇ ਹਰੇਕ ਬਲਾਕ ਵਿੱਚ ਬਣਾਏ ਜਾਣਗੇ ਫਾਰਮਰ" ਪ੍ਰੋਡਿਊਸਰ ਔਰਗਨਾਈਜੇਸ਼ਨ"  : ਡਿਪਟੀ ਕਮਿਸ਼ਨਰ 

  • ਖੇਤੀ ਧੰਦੇ ਨੂੰ ਵਪਾਰ ਵਜੋਂ ਕੀਤਾ ਜਾਵੇਗਾ ਵਿਕਸਿਤ 

ਅੰਮ੍ਰਿਤਸਰ 23 ਦਸੰਬਰ 2024 : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰੇਕ ਬਲਾਕ ਵਿੱਚ ਫਾਰਮਰ ਪ੍ਰੋਡਿਊਸਰ ਔਰਗਨਾਈਜੇਸ਼ਨ ( ਐਫ ਪੀ ਓ) ਬਣਾਉਣ ਲਈ ਅੱਜ ਖੇਤੀਬਾੜੀ ,ਸਹਿਕਾਰਤਾ, ਨਬਾਰਡ ਅਤੇ ਹੋਰ ਸਲਾਹਕਾਰਾਂ ਨਾਲ ਮੀਟਿੰਗ ਕੀਤੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਖੇਤੀ ਨੂੰ ਵਪਾਰਕ ਲੀਹਾਂ ਉੱਤੇ ਤੋਰਨ ਲਈ ਕਿਸਾਨਾਂ ਦਾ ਅਜਿਹੇ ਸਮੂਹਾਂ ਅਧੀਨ ਸੰਗਠਤ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅਜਿਹੇ ਗਰੁੱਪ ਖੇਤੀ ਨੂੰ ਵਪਾਰ ਵਜੋਂ ਵਿਕਸਿਤ ਕਰਨ ਵਿੱਚ ਵੱਡੀ ਮਦਦ ਕਰ ਸਕਦੇ ਹਨ, ਇਸ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਅਜਿਹੇ ਗਰੁੱਪਾਂ ਨਾਲ ਜੋੜਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਕੇਵਲ ਕਿਸਾਨ ਨੂੰ ਆਪਣੇ ਫਸਲ ਦਾ ਵੱਧ ਮੁੱਲ ਹੀ ਨਹੀਂ ਮਿਲੇਗਾ ਬਲਕਿ ਖੇਤੀ ਅਤੇ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਖਰੀਦ ਵਿੱਚ ਵੀ ਵੱਡੀ ਛੋਟ ਮਿਲਣ ਦੀਆਂ ਸੰਭਾਵਨਾਵਾਂ ਬਣਨਗੀਆਂ, ਜਿਸ ਨਾਲ ਖੇਤੀ ਖਰਚੇ ਘਟਣਗੇ।  ਉਨਾਂ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਨੂੰ ਮਿਲ ਕੇ ਅਜਿਹੇ ਗਰੁੱਪਾਂ ਦੀ ਸਥਾਪਤੀ ਅਤੇ ਕਾਮਯਾਬੀ ਲਈ ਕੰਮ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਨਬਾਰਡ ਦੇ ਮੈਨੇਜਰ ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਗਰੁੱਪਾਂ ਨੂੰ ਕਾਇਮ ਕਰਨ ਅਤੇ ਕਾਮਯਾਬ ਕਰਨ ਲਈ ਸਰਕਾਰ ਵੱਲੋਂ ਤਕਨੀਕੀ ਅਤੇ ਮਾਹਿਰ ਸਹਾਇਤਾ ਦੇ ਨਾਲ ਨਾਲ ਤਿੰਨ ਸਾਲ ਤੱਕ ਕਰੀਬ 18 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਦੱਖਣੀ ਭਾਰਤ ਵਿੱਚ ਅਜਿਹੇ ਗਰੁੱਪ ਬਹੁਤ ਕਾਮਯਾਬੀ ਨਾਲ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਹਨ, ਜਦ ਕਿ ਉੱਤਰੀ ਭਾਰਤ ਵਿੱਚ ਅਜੇ ਇੰਨਾ ਕੰਮ ਨਹੀਂ ਹੋ ਸਕਿਆ। ਉਹਨਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਵੱਲੋਂ ਇਸ ਉਦਮ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।