ਅੰਮ੍ਰਿਤਸਰ, 5 ਅਗਸਤ 2024 : ਸ. ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹੁਣ ਤੱਕ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦਾ ਵੀ ਸੁਪਨਾਂ ਰਹੀਆਂ ਹਨ। ਐਸਟ੍ਰੋਟਰਫ, ਹਾਕੀ ਗਰਾਊਡ, ਫੁੱਟਬਾਲ ਗਰਾਊਡ, ਆਲ ਵੈਂਦਰ ਸਵੀਮਿੰਗ ਪੂਲ ਅਤੇ ਸੂਟਿੰਗ ਰੇਂਜ ਬਣਾਉਣ ਵਰਗੇ ਕੰਮ ਸਰਕਾਰੀ ਸਕੂਲਾਂ ਵਿੱਚ ਸੁਰੂ ਹੋ ਗਏ ਹਨ ਅਤੇ ਸਰਕਾਰੀ ਸਕੂਲਾਂ ਨੂੰ ਭਵਿੱਖ ਦੇ ਓਲੰਪਿਕਸ ਖਿਡਾਰੀਆਂ ਦੀ ਨਰਸਰੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਗਹਿਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਖੇ ਸਕੂਲਾਂ ਦੀ ਜਾਂਚ ਕੀਤੀ ਅਤੇ ਵਿਦਿਆਰਥੀਆਂ ਨਾਲ ਸਮਾਂ ਬਿਤਾਇਆ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸੂਟਿੰਗ ਵਰਗੀ ਖੇਡ ਅਮੀਰ ਲੋਕਾਂ ਦੇ ਬੱਚਿਆਂ ਦੇ ਵਸ ਦੀ ਹੀ ਸੀ, ਜਿਸ ਨੂੰ ਅਸੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੈ ਕੇ ਆ ਰਹੇ ਹਾਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਲਗਾਤਾਰ ਪੁਲਾਂਘਾਂ ਪੁੱਟ ਰਿਹਾ ਹੈ, ਨਵੇ ਆਯਾਮ ਸਥਾਪਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਅੱਜ ਰੁੱਖ ਲਗਾਉਦੇ ਹਾਂ ਤੇ ਉਹ 5,7 ਸਾਲ ਬਾਅਦ ਫਲ ਤੇ ਛਾਂ ਦਿੰਦਾਂ ਹੈ, ਅਸੀ ਅੱਜ ਇਹ ਸੁਵਿਧਾਵਾ ਦੇ ਰਹੇ ਹਾਂ, ਤਾਂ ਕਿ ਭਵਿੱਖ ਵਿੱਚ ਸਾਡੇ ਵਿਦਿਆਰਥੀ, ਖਿਡਾਰੀ ਦੇਸ਼ ਦਾ ਨਾਮ ਕੁੱਲ ਦੁਨੀਆਂ ਵਿਚ ਰੌਸ਼ਨ ਕਰਨ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਤੇ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਤੋਂ ਅੱਗੇ ਵਧਣਗੇ। ਇਸ ਮੌਕੇ ਸਕੂਲ ਅਧਿਆਪਕਾਂ ਅਤੇ ਸਟਾਫ ਨੇ ਉਨ੍ਹਾਂ ਨੂੰ ਸਕੂਲ ਪਹੁੰਚਣ ਉੱਤੇ ਜੀ ਆਇਆ ਕਿਹਾ ਅਤੇ ਸਕੂਲਾਂ ਦੀ ਪ੍ਰਗਤੀ ਰਿਪੋਰਟ ਸਾਂਝੀ ਕੀਤੀ।