ਤਰਨ ਤਾਰਨ, 15 ਸਤੰਬਰ : ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ, ਆਈ. ਏ. ਐੱਸ., ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਪਬਲਿਕ ਵੱਲੋਂ ਦੋ-ਪਹੀਆ ਵਾਹਨਾਂ, ਨੂੰ ਚਲਾਉਣ ਸਮੇਂ ਆਪਣੇ ਮੂੰਹ ‘ਤੇ ਰੁਮਾਲ, ਪਰਨਾ ਅਤੇ ਹੋਰ ਕਿਸੇ ਤਰ੍ਹਾਂ ਦੇ ਕੱਪੜਿਆਂ ਨਾਲ ਢੱਕ ਕੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਪਾਬੰਦੀ ਦੇ ਇਹ ਹੁਕਮ 05 ਨਵੰਬਰ, 2023 ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਤੁਰੰਤ ਅਸਰ ਨਾਲ ਲਾਗੂ ਹੋਣਗੇ। ਇਸ ਸੰਦਰਭ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਜਿ਼ਲ੍ਹਾ ਤਰਨ ਤਾਰਨ ਵਿੱਚ ਪਬਲਿਕ ਵੱਲੋਂ ਮੋਟਰ ਸਾਇਕਲ, ਕਾਰਾਂ ਅਤੇ ਹੋਰ ਗੱਡੀਆਂ ਮੂੰਹ ‘ਤੇ ਕੱਪੜਾ, ਰੁਮਾਲ, ਪਰਨਾ ਆਦਿ ਬੰਨ ਕੇ ਚਲਾਈਆਂ ਜਾ ਰਹੀਆਂ ਹਨ। ਜਿਸ ਦਾ ਫਾਇਦਾ ਉਠਾ ਕੇ ਗੈਰ ਸਮਾਜਿਕ ਤੱਤ ਆਪਣੀ ਪਹਿਚਾਣ ਛੁਪਾਉਂਦੇ ਹਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ (ਨਸ਼ਾ ਤਸਕਰ, ਲੁੱਟ ਖੋਹ,ਅਗਵਾ ਕਰਨ ਦੇ ਮਾਮਲੇ) ਅਪਰਾਧਾਂ ਨੂੰ ਅੰਜਾਮ ਦੇ ਕੇ ਆਪਣੀ ਪਹਿਚਾਣ ਛੁਪਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਤੋ ਇਲਾਵਾ ਜਿੰਨ੍ਹਾ ਵਿਅਕਤੀਆਂ ਨੂੰ ਸਾਹ/ਐਲਰਜ਼ੀ ਆਦਿ ਸਬੰਧੀ ਕੋਈ ਤਕਲੀਫ ਜਾਂ ਡਾਕਟਰ ਵੱਲੋਂ ਮੂੰਹ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਹੋਵੇ, ਉਹਨਾ ‘ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਇਹਨਾਂ ਵਿਅਕਤੀਆਂ ਨੂੂੰ ਆਪਣਾ ਪਹਿਚਾਣ ਪੱਤਰ/ਸਨਾਖ਼ਤੀ ਕਾਰਡ ਮੌਕੇ ‘ਤੇ ਸਮੱਰਥ ਅਧਿਕਾਰੀ ਨੂੰ ਦਿਖਾਉਣਾ ਜ਼ਰੂਰੀ ਹੋਵੇਗਾ।