
- ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਨਿਬੇੜੇ ਜਾਣ - ਡਿਪਟੀ ਕਮਿਸ਼ਨਰ
ਅੰਮ੍ਰਿਤਸਰ 31 ਦਸੰਬਰ 2024 : ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸੀ ਸਾਹਨੀ ਨੇ ਵਿਭਾਗ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀਆਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਪੁਰਾਣੇ ਪਏ ਇੰਤਕਾਲਾਂ ਦਾ ਨਿਪਟਾਰਾ ਮਿਥੇ ਸਮੇਂ ਅੰਦਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ ਨੂੰ ਕਿਹਾ ਕਿ ਜਿੰਨਾਂ ਦੇ ਖੇਤਰਾਂ ਵਿੱਚ ਇੰਤਕਾਲਾ ਪੈਡਿੰਗ ਪਏ ਹਨ ’ਤੇ ਨਿੱਜੀ ਧਿਆਨ ਦੇ ਕੇ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸ ਕਿਸਮ ਦੀ ਮੁਸਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਵੱਲੋਂ ਇੰਤਕਾਲ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਸਰਕਾਰ ਦਾ ਅਕਸ਼ ਆਪਣੇ ਕੀਤੇ ਕੰਮਾਂ ਨਾਲ ਹੀ ਬਣਨਾ ਹੁੰਦਾ ਹੈ ਸੋ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ ਅਤੇ ਕਾਇਦੇ ਵਿਚ ਰਹਿੰਦੇ ਹੋਏ ਉਨਾਂ ਦੇ ਕੰਮ ਕੀਤੇ ਜਾਣ ਨਾ ਕਿ ਬਾਰ-ਬਾਰ ਦਫ਼ਤਰ ਆਉਣ ਲਈ ਮਜ਼ਬੂਰ ਕੀਤਾ ਜਾਵੇ। ਉਨਾਂ ਕਿਹਾ ਕਿ ਸਰਕਾਰੀ ਫਾਈਲਾਂ ਦੇ ਨਿਬੇੜੇ ਦੇ ਨਾਲ ਨਾਲ ਦਫ਼ਤਰ ਆਏ ਆਮ ਲੋਕਾਂ ਦੇ ਕੰਮ ਕਰਨੇ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਰਜਿਸਟਰੀਆਂ ਕਰਵਾਉਣ ਲਈ ਸਬ ਰਜਿਸਟਰਾਰ ਦਫਤਰਾਂ ਵਿਚ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਸਬੰਧਤ ਸਬ ਰਜਿਸਟਰਾਰ ਖੁਦ ਧਿਆਨ ਦੇਣ। ਉਨਾਂ ਕਿਹਾ ਕਿ ਜ਼ਮੀਨਾਂ ਦਾ ਇੰਦਰਾਜ ਆਨਲਾਈਨ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕ ਘਰ ਬੈਠੇ ਹੀ ਆਪਣੇ ਇੰਤਕਾਲ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਮੌਕੇ ਐਸ.ਡੀ.ਐਮ. ਸ: ਗੁਰਸਿਮਰਨਜੀਤ ਸਿੰਘ ਢਿੱਲੋਂ, ਐਸ.ਡੀ.ਐਮ. ਮਜੀਠਾ ਸ੍ਰੀਮਤੀ ਸੋਨਮ, ਐਸ.ਡੀ.ਐਮ. ਬਾਬਾ ਬਕਾਲਾ ਸ: ਅਮਨਦੀਪ ਸਿੰਘ, ਐਸ.ਡੀ.ਐਮ. ਅਜਨਾਲਾ ਸ: ਰਵਿੰਦਰ ਸਿੰਘ ਅਰੋੜਾ, ਜਿਲ੍ਹਾ ਮਾਲ ਅਫ਼ਸਰ ਸ: ਨਵਕਿਰਤ ਸਿੰਘ ਰੰਧਾਵਾ, ਤਹਿਸੀਲਦਾਰ ਅਰਚਨਾ ਸ਼ਰਮਾ, ਤਹਿਸੀਲਦਾਰ ਸ: ਜਸਪਾਲ ਸਿੰਘ ਸੰਧੂ, ਨਾਇਬ ਤਹਿਸੀਲਦਾਰ ਹਿਰਦੈਪਾਲ ਸਿੰਘ, ਸ: ਅਮਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।