- ਸੀਬੀਆਈ ਵੱਲੋਂ 1984 ਕਤਲੇਆਮ ਮਾਮਲੇ ’ਚ ਸ਼ਾਮਲ ਜਗਦੀਸ਼ ਟਾਈਟਲਰ ਖਿਲਾਫ਼ ਚਾਰਜਸ਼ੀਟ ਪੇਸ਼ ਕਰਨ ਦੇ ਫੈਸਲੇ ਦਾ ਸਵਾਗਤ
ਅੰਮ੍ਰਿਤਸਰ 20 ਮਈ : 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਸ਼ਾਮਲ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਸੀਬੀਆਈ ਵੱਲੋਂ ਚਾਰਜਸ਼ੀਟ ਪੇਸ਼ ਕੀਤੇ ਜਾਣ ਦਾ ਸ਼ੋ੍ਮਣੀ ਪੰਥ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਫੈਸਲੇ ਨੂੰ ਸਵਾਗਤਯੋਗ ਕਰਾਰ ਦਿੰਦਿਆਂ ਕਿਹਾ ਕਿ ਹੁਣ ਕਾਨੂੰਨ ਨੂੰ ਸਜ਼ਾ ਸੁਣਾਉਣ ਦਾ ਕੰਮ ਵੀ ਜਲਦ ਕਰ ਦੇਣਾ ਚਾਹੀਦਾ ਹੈ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜਗਦੀਸ਼ ਟਾਈਟਲਰ ਖਿਲਾਫ਼ ਨਾਨਾਵਤੀ ਕਮਿਸ਼ਨ ਤਹਿਤ 2015 ਵਿਚ ਮਾਮਲਾ ਦਰਜ ਕੀਤਾ ਗਿਆ, ਪ੍ਰੰਤੂ ਕਿਵੇਂ ਨਾ ਕਿਵੇਂ ਦੇਸ਼ ਵਿਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਦੀ ਹਕੂਮਤ ਨੇ ਹਮੇਸ਼ਾ ਸਿੱਖ ਕਤਲੇਆਮ ਵਿਚ ਸ਼ਾਮਲ ਰਹੇ ਜਗਦੀਸ਼ ਟਾਈਟਲਰ ਨੂੰ ਬਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਭੂਕਣ ਦਾ ਕੰਮ ਕੀਤਾ ਹੈ ਜਗਦੀਸ਼ ਟਾਈਟਲਰ ਨੂੰ ਕਦੇ ਮੰਤਰੀ ਪਦ ’ਤੇ ਬਿਠਾਇਆ ਅਤੇ ਕਦੇ ਚੋਣਾਂ ਦੌਰਾਨ ਸਟਾਰ ਕੰਪੇਨਰ ਵੀ ਬਣਾਇਆ ਗਿਆ, ਜਿਸ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਵੀ ਬੇਨਕਾਬ ਹੁੰਦਾ ਗਿਆ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ 40 ਸਾਲਾਂ ਤੱਕ ਸਿੱਖ ਦੰਗਿਆਂ ਦਾ ਸ਼ਿਕਾਰ ਪੀੜਤ ਪਰਿਵਾਰ ਨੇ ਜਗਦੀਸ਼ ਟਾਈਟਲਰ ਨੂੰ ਸਜ਼ਾ ਦਿਵਾਉਣ ਲਈ ਲੰਮੀ ਜੱਦੋ ਜਹਿਦ ਕੀਤੀ ਅਤੇ ਇਨਸਾਫ ਲੈਣ ਲਈ ਅਦਾਲਤਾਂ ਦੇ ਦਰਵਾਜ਼ੇ ਖੜਕਾਏ ਅਤੇ ਸਰਕਾਰਾਂ ਤੋਂ ਇਨਸਾਫ ਮੰਗਿਆ, ਪ੍ਰੰਤੂ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਹੀ ਜਗਦੀਸ਼ ਨੂੰ ਟਾਈਟਲਰ ਨੂੰ ਬਚਾਉਣ ਲਈ ਕਦੇ ਫਾਈਲਾਂ ਵਿਚ ਮਾਮਲਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹਮੇਸ਼ਾਂ ਕਲੀਨ ਚਿੱਟ ਦਿੱਤੀ ਅਤੇ ਗਈ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਖਿਲਾਫ਼ ਸੀਬੀਆਈ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਨੇ ਪੀੜਤ ਪਰਿਵਾਰਾਂ ਦੇ ਦਰਦ ਨੂੰ ਘੱਟ ਕਰਨ ਦਾ ਕੰਮ ਕੀਤਾ ਅਤੇ ਆਸ ਬੱਝ ਗਈ ਹੈ ਕਿ ਕਾਨੂੰਨ ਅਨੁਸਾਰ ਜਗਦੀਸ਼ ਟਾਈਟਲਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।