ਗੁਰਦਾਸਪੁਰ, 25 ਅਪ੍ਰੈਲ : ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਤੇ ਮਲੇਰੀਆ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਮਲੇਰੀਆ ਦਿਵਸ ਮੌਕੇ ਮਲੇਰੀਆ ਦੀ ਰੋਕਥਾਮ ਲਈ ਕਰਵਾਈ ਗਈ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਸਾਲ 25 ਅਪ੍ਰੈਲ ਦਾ ਦਿਨ ਮਲੇਰੀਆ ਬਾਰੇ ਲੋਕਚੇਤਨਾ ਲਈ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਮਲੇਰੀਆ ਦਿਵਸ 2023 ਨੂੰ ‘ਜ਼ੀਰੋ ਮਲੇਰੀਆ’ ਦਾ ਟੀਚਾ ਹਾਸਲ ਕਰਨ ਦਾ ਸਮਾਂ ‘ਨਿਵੇਸ਼ ਕਰੋ, ਰੋਕਥਾਮ ਵਿਚ ਨਵੀਨਤਾ ਲਿਆਓ ਤੇ ਨੀਤੀਆਂ ਨੂੰ, ਲਾਗੂ ਕਰੋ' ਦੀ ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2024 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਹੈ ਪਰ ਇਹ ਟੀਚਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਓਨ੍ਹਾਂ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਮਲੇਰੀਆ ਵਿਰੁੱਧ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਮਲੇਰੀਆ ਇਕ ਕਿਸਮ ਦਾ ਗੰਭੀਰ ਬੁਖਾਰ ਹੈ, ਜੋ ਕਿ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਪਲਾਸਮੋਡੀਅਮ ਦੇ ਤੌਰ 'ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ, ਜੋ ਪੈਰਾਸਾਈਡ ਹੈ। ਇਹ ਚਾਰ ਕਿਸਮਾਂ ਵਿਚ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ 'ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਡਾ. ਕਲਸੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਆਲੇ ਦੁਆਲੇ ਨਾ ਤਾਂ ਪਾਣੀ ਨੂੰ ਖੜਾ ਹੋਣ ਦੇਣਾ ਚਾਹੀਦਾ ਤੇ ਨਾ ਹੀ ਕੂੜੇ ਦੇ ਢੇਰ ਲੱਗਣ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੱਛਰ ਦਾ ਲਾਰਵਾ ਪੈਦਾ ਹੋਣ ਲਈ ਇਕ ਚੱਮਚ ਪਾਣੀ ਹੀ ਕਾਫੀ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੱਤਾਂ 'ਤੇ ਟਾਇਰ, ਖਾਲੀ ਬਰਤਨ ਅਤੇ ਕਬਾੜ ਆਦਿ ਇਕੱਠਾ ਨਾ ਹੋਣ ਦੇਣ, ਕਿਓਕਿ ਬਰਸਾਤਾਂ ਦੇ ਦਿਨਾਂ ਵਿੱਚ ਇਨ੍ਹਾਂ 'ਚ ਪਾਣੀ ਆਦਿ ਇਕੱਠਾ ਹੋ ਜਾਂਦਾ ਹੈ ਤੇ ਇਹ ਮੱਛਰਾਂ ਦਾ ਲਾਰਵਾ ਪੈਦਾ ਕਰਨ 'ਚ ਸਹਾਈ ਬਣਦਾ ਹੈ। ਉਨ੍ਹਾਂ ਕਿਹਾ ਕਿ ਦਿਨ ਤੇ ਰਾਤ ਵੇਲੇ ਮੱਛਰਾਂ ਦੇ ਝੁੰਡ ਘਰਾਂ 'ਚ ਦਸਤਕ ਦਿੰਦੇ ਹਨ ਤੇ ਸਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਦੇਖਣ ਨੂੰ ਭਾਵੇਂ ਇਹ ਛੋਟਾ ਜਿਹਾ ਮੱਛਰ ਹੈ ਪਰ ਇਸ ਨੂੰ ਕਦੇ ਵੀ ਅਣਗੋਲਿਆਂ ਨਾ ਕੀਤਾ ਜਾਵੇ, ਕਿਓ ਕਿ ਇਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਰੋਗਾਂ ਦਾ ਖਤਰਾ ਬਣਿਆ ਰਹਿੰਦਾ ਹੈ। ਮਲੇਰੀਆ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਬੁਖਾਰ ਨਾਲ ਸਿਰ ਦਰਦ, ਉਲਟੀਆਂ, ਠੰਡ ਅਤੇ ਹੱਥਾਂ-ਪੈਰਾਂ 'ਚ ਅਕੇਵਾਂ ਰਹਿਣਾ ਅਤੇ ਕਾਂਬੇ ਨਾਲ ਤੇਜ਼ ਬੁਖਾਰ ਰਹਿਣਾ ਹੈ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਮੇਂ-ਸਮੇਂ 'ਤੇ ਜਾਗਰੂਕਤਾ ਕੰਪੈਨ ਚਲਾਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਣਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਂਦਾ ਅਤੇ ਛੱਪੜਾਂ ਆਦਿ 'ਚ ਮੱਛਰਾਂ ਦੇ ਖਾਤਮੇ ਲਈ ਗੰਬੂਜੀਆਂ ਫਿਸ ਪਾਈਆਂ ਜਾਂਦੀਆਂ ਹਨ ਤਾਂ ਕਿ ਇਨ੍ਹਾਂ 'ਚ ਲਾਰਵਾ ਪੈਦਾ ਨਾ ਹੋਵੇ। ਇਸ ਤੋਂ ਇਲਾਵਾ ਅੱਜ ਕਲਾਨੌਰ ਵਿਖੇ ਸਲੱਮ ਏਰੀਆ ਵਿੱਚ ਲੋੜਵੰਦ ਪਰਿਵਾਰਾਂ ਨੂੰ 25 ਮੱਛਰਦਾਨੀਆਂ ਵੰਡੀਆਂ ਗਈਆਂ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਸਿਵਲ ਸਰਜਨ ਡਾ. ਹਰਭਜਨ ਰਾਮ, ਡਾ. ਪ੍ਰਭਜੋਤ ਕੌਰ ਕਲਸੀ ਤੇ ਹੋਰ ਅਧਿਕਾਰੀਆਂ ਵੱਲੋਂ ਮਲੇਰੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਲੰਡਰ ਜਾਰੀ ਕੀਤਾ ਗਿਆ।