ਅੰਮ੍ਰਿਤਸਰ 26 ਸਤੰਬਰ 2024 : ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਅਜੇ ਤੱਕ ਭਾਵੇਂ ਆਪਣਾ ਅਹੁਦਾ ਨਹੀਂ ਸੰਭਾਲਿਆ ਪਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਲਗਾਤਾਰ ਨਿਗਮ ਅਧਿਕਾਰੀਆਂ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਲੱਗੀ ਕੰਪਨੀ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ, ਜਿਸ ਦੇ ਸਿੱਟੇ ਵਜੋਂ ਸ਼ਹਿਰ ਵਿੱਚ ਸਫਾਈ ਪ੍ਰਬੰਧ ਮੁੜ ਲੀਹਾਂ ਉੱਤੇ ਆਉਣ ਲੱਗੇ ਹਨ। ਅੱਜ ਸ਼ਹਿਰ ਦੇ ਅੰਦਰੂਨੀ ਹਿੱਸੇ ਜਿਸ ਵਿੱਚ ਵਿਰਾਸਤੀ ਗਲੀ , ਹਾਲ ਬਾਜ਼ਾਰ ਅਤੇ ਹੋਰ ਬਾਜ਼ਾਰ ਜਿੱਥੋਂ ਕਿ ਲੋਕਾਂ ਦਾ ਜਿਆਦਾਤਰ ਲਾਂਘਾ ਰਹਿੰਦਾ ਹੈ , ਨੂੰ ਸਾਫ ਕਰਨ ਲਈ ਸਫਾਈ ਕਰਮਚਾਰੀਆਂ ਦੇ ਨਾਲ ਨਾਲ ਵਾਹਨ ਅਤੇ ਸੀਵਰੇਜ਼ ਸਾਫ ਕਰਨ ਵਾਲੀਆਂ ਗੱਡੀਆਂ ਦੀ ਵਰਤੋਂ ਵੀ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਕੀਤੀ ਗਈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਕਿਰਨ ਨੇ ਦੱਸਿਆ ਕਿ ਅੱਜ ਸ਼ਹਿਰ ਵਿੱਚ ਸਫਾਈ ਨੂੰ ਲੈ ਕੇ ਵਿਆਪਕ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਪਿਛਲੇ ਕਈ ਦਿਨਾਂ ਦੇ ਰੁਕੇ ਹੋਏ ਕੰਮ ਵਿੱਚ ਤੇਜ਼ੀ ਲਿਆਂਦੀ ਗਈ। ਉਹਨਾਂ ਦੱਸਿਆ ਕਿ ਪੁਰਾਣਾ ਪਿਆ ਕੂੜਾ ਚੁੱਕਿਆ ਗਿਆ ਅਤੇ ਜਿਨਾਂ ਥਾਵਾਂ ਉੱਤੇ ਸੀਵਰੇਜ ਜਮ ਹੋਣ ਦੀ ਸਮੱਸਿਆ ਦੀਆਂ ਸ਼ਿਕਾਇਤਾਂ ਮਿਲੀਆਂ ਸਨ , ਉੱਥੇ ਸੀਵਰੇਜ ਸਾਫ ਵੀ ਕੀਤਾ ਗਿਆ । ਇਸ ਮੌਕੇ ਡਾਕਟਰ ਯੋਗੇਸ਼ ਨੇ ਦੱਸਿਆ ਕਿ ਉੱਤਰੀ ਹਲਕੇ ਵਿੱਚ ਸਫਾਈ ਲਈ ਅੱਜ ਸਵੇਰ ਤੋਂ ਹੀ ਮੁਹਿੰਮ ਚਲਾਈ ਗਈ ਜੋ ਕਿ ਨਿਰੰਤਰ ਜਾਰੀ ਰਹੇਗੀ। ਚੀਫ ਸੈਨਟਰੀ ਅਫਸਰ ਮਲਕੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਪਹਿਲਾਂ ਵੱਧ ਵਰਤੋਂ ਵਿੱਚ ਆਉਂਦੀਆਂ ਸੜਕਾਂ ਤੇ ਬਾਜ਼ਾਰਾਂ ਨੂੰ ਸਾਫ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਅੰਦਰੂਨੀ ਗਲੀਆਂ ਅਤੇ ਸੜਕਾਂ ਦੀ ਸਫਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਨੂੰ ਸਫਾਈ ਪੱਖੋਂ ਮੁੜ ਪੈਰਾਂ ਉੱਤੇ ਲੈ ਆਈਏ ਉਹਨਾਂ ਨੇ ਲੋਕਾਂ ਕੋਲੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ।