- ਤਿੰਨ ਦੁਕਾਨਾਂ `ਚੋਂ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੇ ਸੈਂਪਲ ਭਰ ਕੇ ਅਗਲੇ ਹੁਕਮਾਂ ਤੱਕ ਵਿਕਰੀ `ਤੇ ਰੋਕ ਲਗਾਈ
ਗੁਰਦਾਸਪੁਰ, 11 ਅਪ੍ਰੈਲ : ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਤੇ ਦਿਨੀਂ ਆਪਣੇ ਡੇਰਾ ਬਾਬਾ ਨਾਨਕ ਦੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਡੇਰਾ ਬਾਬਾ ਨਾਨਕ ਵਿਖੇ ਕੀਟ ਨਾਸ਼ਕ ਦਵਾਈਆਂ ਅਤੇ ਖਾਦਾਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ। ਖੇਤੀਬਾੜੀ ਮੰਤਰੀ ਵੱਲੋਂ ਮਿਲੇ ਨਿਰਦੇਸ਼ਾਂ `ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਵੱਲੋਂ ਫੌਰੀ ਤੌਰ `ਤੇ ਕਾਰਵਾਈ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀ ਸਚਿਨ ਪਾਠਕ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਗਠਤ ਕੀਤੀ ਸੀ ਜਿਸ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਦੁਕਾਨਾਂ `ਚੋਂ ਸੈਂਪਲ ਭਰੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਪੈਸ਼ਲ ਟੀਮ ਨੇ ਛਾਪੇਮਾਰੀ ਦੌਰਾਨ ਡੇਰਾ ਬਾਬਾ ਨਾਨਕ ਦੇ ਜਿਮੀਦਾਰਾ ਖਾਦ ਸਟੋਰ ਤੋਂ ਕੀਟ ਨਾਸ਼ਕ ਦਵਾਈਆਂ ਦੇ ਤਿੰਨ ਸੈਂਪਲ ਭਰੇ ਗਏ ਅਤੇ ਇਸ ਸਟੋਰ ਤੋਂ ਦਵਾਈਆਂ ਦੀ ਵਿਕਰੀ `ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਚੈਕਿੰਗ ਟੀਮ ਵੱਲੋਂ ਮੈਸ: ਲੱਕੀ ਖਾਦ ਸਟੋਰ `ਚੋਂ ਇੱਕ ਸੈਂਪਲ ਖਾਦ ਦਾ ਅਤੇ ਦੋ ਸੈਂਪਲ ਕੀਟ ਨਾਸ਼ਕ ਦਵਾਈਆਂ ਦੇ ਭਰੇ ਗਏ ਅਤੇ ਇਸ ਦੁਕਾਨ ਦੇ ਖਾਦ ਸਟੋਰ ਦੀ ਵਿਕਰੀ `ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ। ਇਸਦੇ ਨਾਲ ਹੀ ਮੈਸ: ਬੇਦੀ ਐਂਡ ਸੰਨਜ਼ ਦੁਕਾਨ ਤੋਂ ਕੀਟ ਨਾਸ਼ਕ ਦਵਾਈ ਦਾ ਇੱਕ ਸੈਂਪਲ ਭਰਿਆ ਗਿਆ ਹੈ ਅਤੇ ਇਸ ਦੁਕਾਨ ਦੀ ਵਿਕਰੀ `ਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਤੋਂ ਬਚਣ ਲਈ ਮੈਸ: ਵਾਹਲਾ ਖੇਤੀ ਸਟੋਰ ਬੰਦ ਪਾਇਆ ਗਿਆ ਅਤੇ ਵਾਰ-ਵਾਰ ਸੰਪਰਕ ਕਰਨ `ਤੇ ਵੀ ਜਦੋਂ ਇਹ ਖਾਦ ਸਟੋਰ ਨਾ ਖੁੱਲ੍ਹਾ ਤਾਂ ਇਸ ਦੁਕਾਨ ਨੂੰ ਚੈਕਿੰਗ ਟੀਮ ਵੱਲੋਂ ਆਪਣਾ ਤਾਲਾ ਲਗਾ ਕੇ ਦਫ਼ਤਰੀ ਸੀਲ ਲਗਾ ਕੇ ਸੀਲ ਕਰ ਦਿੱਤਾ ਗਿਆ ਅਤੇ ਨੋਟਿਸ ਚਸਪਾ ਕੇ ਹਦਾਇਤ ਕੀਤੀ ਗਈ ਹੈ ਇਹ ਦੁਕਾਨ ਸਹਾਇਕ ਕਮਿਸ਼ਨਰ (ਜਨਰਲ) ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾ ਖੋਲੀ ਜਾਵੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਪਰੋਕਤ ਦੁਕਾਨਾਂ ਤੋਂ ਭਰੇ ਗਏ ਸੈਂਪਲਾਂ ਨੂੰ ਸਰਕਾਰ ਦੀਆਂ ਪ੍ਰਯੋਗਸ਼ਲਾਵਾਂ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਅਤੇ ਨਤੀਜਾ ਆਉਣ `ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਲਈ ਪੂਰੀ ਤਰਾਂ ਵਚਨਬੱਧ ਹੈ ਕਿ ਖੇਤੀ ਸਟੋਰਾਂ ਉੱਪਰ ਨਕਲੀ ਕੀਟ ਨਾਸ਼ਕ ਦਵਾਈਆਂ ਅਤੇ ਨਕਲੀ ਖਾਦਾਂ ਦੀ ਵਿਕਰੀ ਨੂੰ ਬਿਲਕੁਲ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਚੈਕਿੰਗ ਅਭਿਆਨ ਜਾਰੀ ਰਹਿਣਗੇ।